ਕਸ਼ਮੀਰੀ ਫ਼ੌਜੀ ਅਫ਼ਸਰ ਦੀ ਅਗਵਾ ਕਰਕੇ ਹੱਤਿਆ

 

 ਸ੍ਰੀਨਗਰ - ਜ਼ਿਲ੍ਹਾ ਸ਼ੋਪੀਆਂ ਵਿੱਚ ਅਤਿਵਾਦੀਆਂ ਨੇ ਨਿਹੱਥੇ ਕਸ਼ਮੀਰੀ ਫ਼ੌਜੀ ਅਫ਼ਸਰ ਨੂੰ ਇਕ ਵਿਆਹ ਸਮਾਗਮ ਵਿੱਚੋਂ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਵਾਰਦਾਤ ਬਾਅਦ ਸਥਾਨਕ ਲੋਕਾਂ ’ਚ ਗੁੱਸਾ ਹੈ ਅਤੇ ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲੈਫਟੀਨੈਂਟ ਉਮਰ ਫੈਆਜ਼ (22), ਜ਼ਿਲ੍ਹਾ ਕੁਲਗਾਮ ਦੇ ਪਿੰਡ ਸੁਰਸੋਨਾ ਦਾ ਰਹਿਣ ਵਾਲੀ ਸੀ, ਨੂੰ ਠੀਕ ਪੰਜ ਮਹੀਨੇ ਪਹਿਲਾਂ 10 ਦਸੰਬਰ, 2016 ਨੂੰ ਫ਼ੌਜ ਵਿੱਚ ਕਮਿਸ਼ਨ     ਮਿਲਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਫੈਆਜ਼਼ ਦਾ ਪਿਤਾ ਕਿਸਾਨ ਹੈ ਅਤੇ ਉਹ ਹਾਕੀ ਅਤੇ ਵਾਲੀਬਾਲ ਦਾ ਚੰਗਾ ਖਿਡਾਰੀ ਸੀ। ਉਹ ਬਾਟਪੁਰਾ ਵਿੱਚ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ, ਜਿਥੋਂ ਉਸ ਨੂੰ ਕੱਲ੍ਹ ਰਾਤ ਤਕਰੀਬਨ 10 ਵਜੇ ਅਗਵਾ ਕਰ ਲਿਆ ਗਿਆ। ਉਹ ਫ਼ੌਜ ’ਚ ਆਪਣੀ ਨਿਯੁਕਤੀ ਬਾਅਦ ਪਹਿਲੀ ਵਾਰ ਛੁੱਟੀ ਉਤੇ ਆਇਆ ਸੀ ਅਤੇ ਜੰਮੂ ’ਚ ਅਖਨੂਰ ਤੋਂ ਕੱਲ੍ਹ ਸਵੇਰੇ ਬਾਟਪੁਰਾ ਪਹੁੰਚਿਆ ਸੀ, ਜਿਥੇ ਉਹ 2 ਰਾਜਪੂਤਾਨਾ ਰਾਈਫਲਜ਼ ਵਿੱਚ ਤਾਇਨਾਤ ਸੀ। ਉਸ ਨੇ 25 ਮਈ ਨੂੰ ਵਾਪਸ ਜਾਣਾ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਤਿੰਨ ਅਤਿਵਾਦੀ ਆਏ ਅਤੇ ਫੈਆਜ਼ ਨੂੰ ਉਨ੍ਹਾਂ ਨਾਲ ਚੱਲਣ ਲਈ ਕਿਹਾ। ਅਤਿਵਾਦੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਪੁਲੀਸ ਜਾਂ ਫ਼ੌਜ ਨੂੰ ਕੁੱਝ ਦੱਸਣ ਖ਼ਿਲਾਫ਼ ਧਮਕੀ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਨੇ ਕਿਸੇ ਨੂੰ ਰਿਪੋਰਟ ਨਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਫਯਾਜ਼ ਦੀ ਗੋਲੀਆਂ ਨਾਲ ਵਿੰਨ੍ਹੀ ਮ੍ਰਿਤਕ ਦੇਹ ਉਸ ਦੇ ਘਰ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਹਰਮੈਨ ਦੇ ਬੱਸ ਅੱਡੇ ਵਿੱਚੋਂ ਸਵੇਰੇ ਤਕਰੀਬਨ ਸਾਢੇ ਛੇ ਵਜੇ ਮਿਲੀ। ਉਸ ਦੇ ਸਿਰ ਅਤੇ ਛਾਤੀ ਵਿੱਚ ਗੋਲੀਆਂ ਦੇ ਨਿਸ਼ਾਨ ਸਨ, ਜੋ ਬਿਲਕੁਲ ਨੇੜਿਓਂ ਦਾਗੀਆਂ ਗਈਆਂ ਸਨ। ਪੋਸਟਮਾਰਟਮ ਰਿਪੋਰਟ ਵਿੱਚ ਉਸ ਦੀ ਲਾਸ਼ ’ਤੇ ਨਿਸ਼ਾਨ ਦਿਖਾਈ ਦਿੱਤੇ ਹਨ, ਜੋ ਸੰਕੇਤ ਕਰਦੇ ਹਨ ਉਸ ਨੇ ਅਤਿਵਾਦੀਆਂ ਦਾ ਵਿਰੋਧ   ਕੀਤਾ ਸੀ।
ਦੱਸਣਯੋਗ ਹੈ ਕਿ ਫੈਆਜ਼ ਨੇ 6 ਜੂਨ ਨੂੰ 23 ਸਾਲਾਂ ਦਾ ਹੋ ਜਾਣਾ ਸੀ। ਫਯਾਜ਼ ਦਾ ਉਸ ਦੇ ਜੱਦੀ ਪਿੰਡ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ, ਜਿਥੇ ਸੈਂਕੜੇ ਲੋਕ ਪੁੱਜੇ ਹੋਏ ਸਨ।
ਰੱਖਿਆ ਮੰਤਰੀ ਅਰੁਣ ਜੇਤਲੀ ਨੇ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਕਿ ਫਯਾਜ਼ ਦੀ ਸ਼ਹਾਦਤ ਵਾਦੀ ਵਿੱਚੋਂ ਅਤਿਵਾਦ ਦੇ ਖਾਤਮੇ ਪ੍ਰਤੀ ਕੌਮੀ ਪ੍ਰਤੀਬੱਧਤਾ  ਦਾ ਦੁਹਰਾਅ ਹੈ ਅਤੇ ਉਹ ਕਸ਼ਮੀਰ ਦੇ ਨੌਜਵਾਨਾਂ ਨੂੰ ਅਤਿਵਾਦ ਖ਼ਿਲਾਫ਼ ਪ੍ਰੇਰਿਤ ਕਰਦਾ ਰਹੇਗਾ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਫਯਾਜ਼ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਵਿਕਟਰ ਫੋਰਸ ਦੇ ਜੀਓਸੀ ਮੇਜਰ ਜਨਰਲ ਬੀਐਸ ਰਾਜੂ ਨੇ ਇਸ ਇਲਾਕੇ ਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹੱਤਿਆਰਿਆਂ ਦੀ ਭਾਲ ਲਈ ਮੁਹਿੰਮ ਛੇੜੀ ਜਾਵੇ। ਦੱਖਣ ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਲੈਫ. ਜਨਰਲ ਅਭੈ ਕ੍ਰਿਸ਼ਨਾ ਨੇ ਕਿਹਾ, ‘ਇਸ ਕਾਇਰਤਾ ਵਾਲੇ ਘਿਨਾਉਣੇ ਅਪਰਾਧ ਖ਼ਿਲਾਫ਼ ਕਸ਼ਮੀਰ ਦੇ ਲੋਕਾਂ ਨੂੰ ਡਟਣਾ ਚਾਹੀਦਾ ਹੈ।
ਫਾਰੂਕ ਤੇ ਰਾਜਾ ਵੱਲੋਂ ਕਸ਼ਮੀਰ ਦੇ ‘ਸਿਆਸੀ ਹੱਲ’ ਦੀ ਮੰਗ
ਨਵੀਂ ਦਿੱਲੀ - ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਸੀਪੀਆਈ ਦੇ ਸਕੱਤਰ ਡੀ ਰਾਜਾ ਨੇ ਗੜਬੜਗ੍ਰਸਤ ਕਸ਼ਮੀਰ ਦੇ ‘ਸਿਆਸੀ ਹੱਲ’ ਦਾ ਸੱਦਾ ਦਿੱਤਾ ਹੈ। ਦੋਵੇਂ ਆਗੂਆਂ, ਜਿਨ੍ਹਾਂ ਨੇ ਇਸ ਖੇਤਰ ਵਿੱਚ ਹਾਲਾਤ ਬਾਰੇ ਇਥੇ ਗੱਲਬਾਤ ਕੀਤੀ, ਨੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਵਾਦੀ ਵਿੱਚ ਸ਼ਾਂਤੀ ਬਹਾਲ ਕਰਨ ਲਈ ਜੰਮੂ ਕਸ਼ਮੀਰ ਦੀਆਂ ‘ਸਾਰੀਆਂ ਧਿਰਾਂ’ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ ।

 

 

fbbg-image

Latest News
Magazine Archive