ਕੇਜਰੀਵਾਲ ਦਾ ਸਿੰਘਾਸਨ ਡੋਲਿਆ

ਬਰਤਰਫ਼ ਮੰਤਰੀ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ’ਤੇ ਲਾਏ ਦੋ ਕਰੋੜ ਰੁਪਏ ਲੈਣ ਦੇ ਦੋਸ਼
* ਭਾਜਪਾ ਨੇ ਮੰਗਿਆ ਅਸਤੀਫ਼ਾ
* ਰਾਜਪਾਲ ਨਾਲ ਮੁਲਾਕਾਤ ਕਰਕੇ ਅਹੁਦੇ ਤੋਂ ਬਰਤਰਫ਼ੀ ਮੰਗੀ
* ਸਿਸੋਦੀਆ ਵੱਲੋਂ ਦੋਸ਼ ਬੇਬੁਨਿਆਦ ਕਰਾਰ
ਨਵੀਂ ਦਿੱਲੀ - ਦਿੱਲੀ ਦੇ ਬਰਤਰਫ਼ ਮੰਤਰੀ ਕਪਿਲ ਮਿਸ਼ਰਾ ਵੱਲੋਂ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਜ਼ਮੀਨ ਸੌਦੇ ਵਿੱਚ ਸਾਥੀ ਮੰਤਰੀ ਤੋਂ ਦੋ ਕਰੋੜ ਰੁਪਏ ਲੈਣ ਦਾ ਦੋਸ਼ ਲਾਉਣ ਨਾਲ ਮੁੱਖ ਮੰਤਰੀ ਦੇ ਸਿੰਘਾਸਨ ਦੀਆਂ ਚੂਲਾਂ ਹਿੱਲ ਗਈਆਂ। ਇਨ੍ਹਾਂ ਦੋਸ਼ਾਂ ਨਾਲ ਆਮ ਆਦਮੀ ਪਾਰਟੀ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ੍ਰੀ ਮਿਸ਼ਰਾ ਦੇ ਦੋਸ਼ਾਂ ਨੂੰ ਰੱਦ ਕੀਤਾ, ਜਦੋਂ ਕਿ ਵਿਰੋਧੀ ਧਿਰਾਂ ਨੇ ਕੇਜਰੀਵਾਲ ਤੋਂ ਨੈਤਿਕਤਾ ਦੇ ਆਧਾਰ ਉਤੇ ਅਸਤੀਫ਼ਾ ਮੰਗਿਆ। ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦਾ ਵਫ਼ਦ ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਿਆ ਤੇ ਮੰਗ ਕੀਤੀ ਕਿ ਉਹ  ਸ੍ਰੀ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ  ਤੋਂ ਬਰਖ਼ਾਸਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ।
ਇਸ ਤੋਂ ਪਹਿਲਾਂ ਸੀਨੀਅਰ ਪਾਰਟੀ ਆਗੂ ਕੁਮਾਰ ਵਿਸ਼ਵਾਸ ਦਾ ਸਾਥ ਦੇਣ ਮਗਰੋਂ ਬਰਤਰਫ਼ ਕੀਤੇ ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਕੇਜਰੀਵਾਲ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਆਪਣੇ ਦੋ ਸਾਲਾ ਕਾਰਜਕਾਲ ਦੌਰਾਨ ਦੇਖੀਆਂ ਬੇਨਿਯਮੀਆਂ ਬਾਰੇ ਉਪ ਰਾਜਪਾਲ ਨੂੰ ਵੀ ਬਿਆਨ ਦਿੱਤਾ। ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਿਸ਼ਰਾ ਨੇ ਕਿਹਾ ਕਿ ‘‘ਮੈਂ ਆਪਣੀਆਂ ਅੱਖਾਂ ਸਾਹਮਣੇ ਸਤੇਂਦਰ ਜੈਨ ਨੂੰ ਕੇਜਰੀਵਾਲ ਨੂੰ ਨਕਦ ਦੋ ਕਰੋੜ ਰੁਪਏ ਦਿੰਦਿਆਂ ਦੇਖਿਆ। ਜਦੋਂ ਮੈਂ ਕੇਜਰੀਵਾਲ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਅਜਿਹਾ ਵਰਤਾਰਾ ਚਲਦਾ ਹੈ ਅਤੇ ਉਹ ਇਸ ਬਾਰੇ ਬਾਅਦ ਵਿੱਚ ਦੱਸਣਗੇ।’’ ਉਨ੍ਹਾਂ ਕਿਹਾ, ‘‘ਜੈਨ ਨੇ ਮੈਨੂੰ ਨਿੱਜੀ ਤੌਰ ਉਤੇ ਦੱਸਿਆ ਕਿ ਉਸ ਨੇ ਕੇਜਰੀਵਾਲ ਦੇ ਰਿਸ਼ਤੇਦਾਰ ਨਾਲ ਤਕਰੀਬਨ 50 ਕਰੋੜ ਦੇ ਜ਼ਮੀਨੀ ਸੌਦੇ ਦਾ ਨਿਬੇੜਾ ਕੀਤਾ ਹੈ।  ਜਦੋਂ ਮੈਂ ਕੇਜਰੀਵਾਲ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਝੂਠ ਹੈ ਅਤੇ ਮੈਨੂੰ ਵਿਸ਼ਵਾਸ ਰੱਖਣ ਲਈ ਕਿਹਾ ਗਿਆ।’’
ਇਸ ਬਾਰੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮਿਸ਼ਰਾ ਦੇ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਦੋਸ਼ ਊਲ-ਜਲੂਲ ਹਨ ਅਤੇ ਕੋਈ ਤੱਥ ਨਹੀਂ ਹੈ। ਮਿਸ਼ਰਾ ਨੂੰ ਘਟੀਆ ਕਾਰਗੁਜ਼ਾਰੀ ਕਾਰਨ ਬਰਤਰਫ਼ ਕੀਤਾ ਗਿਆ ਹੈ।
ਦੂਜੇ ਪਾਸੇ ਮਿਸ਼ਰਾ ਦਾ ਦਾਅਵਾ ਹੈ ਕਿ ਉਸ ਨੂੰ ਇਸ ਲਈ ਹਟਾਇਆ ਗਿਆ ਕਿਉਂਕਿ ਉਨ੍ਹਾਂ ਕੁਝ ਸਮੇਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਕਾਰਨ ਪਾਰਟੀ ਆਗੂਆਂ ਉਤੇ ਦਬਾਅ ਪਾਇਆ ਸੀ। ਉਨ੍ਹਾਂ ਪੰਜਾਬ ਚੋਣ ਫੰਡਾਂ ਵਿੱਚ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਹਵਾਲਾ ਕਾਰੋਬਾਰ, ਕਾਲਾ ਧਨ ਅਤੇ ਮੰਤਰੀ ਜੈਨ ਦੀ ਧੀ ਦੀ ਨਿਯੁਕਤੀ ਤੋਂ ਲੈ ਕੇ ਲਗਜ਼ਰੀ ਬੱਸ ਸਕੀਮ, ਸੀਐਨਜੀ ਫਿਟਨੈੱਸ ਟੈਸਟ ਘਪਲੇ ਉਸ ਦੀ ਜਾਣਕਾਰੀ ਵਿੱਚ ਹਨ।
ਇਸ ਮਗਰੋਂ ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦਾ ਵਫ਼ਦ ਸੂਬਾਈ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ ਹੇਠ ਉਪ ਰਾਜਪਾਲ ਅਨਿਲ ਬੈਜਲ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਉਹ  ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ  ਤੋਂ ਬਰਖ਼ਾਸਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ। ਸ੍ਰੀ ਤਿਵਾੜੀ ਨੇ ਦੱਸਿਆ ਕਿ  ਉਪ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਨੂੰ ਦੇਖਣਗੇ। ਦੂਜੇ ਪਾਸੇ ਦਿੱਲੀ ਪ੍ਰਦੇਸ਼ ਕਾਂਗਰਸ ਦੇ  ਪ੍ਰਧਾਨ ਅਜੈ ਮਾਕਨ ਨੇ ਵੀ ਕਿਹਾ ਕਿ ਜਿਹੜੇ ਆਦਰਸ਼ਾਂ ਨੂੰ ਲੈ ਕੇ ਕੇਜਰੀਵਾਲ ਸੱਤਾ ਵਿੱਚ  ਆਏ ਸਨ, ਉਹ ਹੁਣ ਪਿੱਛੇ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਚਾਰ ਮੰਤਰੀਆਂ ਨੂੰ  ਹਟਾਇਆ ਜਾ ਚੁੱਕਾ ਹੈ ਅਤੇ ਛੇ ਵਿਧਾਇਕਾਂ, ਮੰਤਰੀਆਂ ’ਤੇ ਦੋਸ਼ ਲੱਗ ਚੁੱਕੇ ਹਨ। ਸੀਨੀਅਰ  ਕਾਂਗਰਸੀ ਆਗੂ ਸ਼ਕੀਲ ਅਹਿਮਦ ਨੇ ਕਿਹਾ ਕਿ ਕੇਜਰੀਵਾਲ ਨੂੰ ਤੁਰੰਤ ਅਸਤੀਫ਼ਾ ਦੇ  ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਕਾਂਗਰਸ ਦੇ ਯੂਥ ਵਿੰਗ ਨੇ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਗ੍ਰਹਿ ਨੇੜੇ ਰੋਸ ਪ੍ਰਦਰਸ਼ਨ  ਕੀਤਾ ਤੇ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ। ਯੂਥ ਵਿੰਗ ਦੇ ਕਾਰਕੁਨ ਬਾਅਦ ਦੁਪਹਿਰ ਸਿਵਲ ਲਾਈਨਜ਼ ਦੀ    ਫਲੈਗ ਸਟਾਫ਼ ਰੋਡ ‘ਤੇ  ਕੇਜਰੀਵਾਲ ਦੀ ਕੋਠੀ ਨੇੜੇ ਇਕੱਠੇ ਹੋਏ ਤੇ ਉਹ ਸਰਕਾਰੀ ਰਿਹਾਇਸ਼ ਵੱਲ ਵਧੇ। ਦਿੱਲੀ  ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਜਦੋਂ ਪ੍ਰਦਰਸ਼ਨਕਾਰੀ ਅੱਗੇ ਵਧਣ ਲਈ ਜ਼ਬਰਦਸਤੀ ਕਰਨ ਲੱਗੇ ਤਾਂ ਪੁਲੀਸ ਨੇ ਜਲ-ਤੋਪਾਂ ਨਾਲ ਉਨ੍ਹਾਂ ਨੂੰ ਖਦੇੜ ਦਿੱਤਾ।
ਕੁਮਾਰ ਨੂੰ ਕੇਜਰੀਵਾਲ ਉਤੇ ਵਿਸ਼ਵਾਸ
ਆਮ ਆਦਮੀ ਪਾਰਟੀ  ਦੇ ਪਰਵਾਸੀ ਮਾਮਲਿਆਂ ਦੇ ਇੰਚਾਰਜ ਕੁਮਾਰ ਵਿਸ਼ਵਾਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਕ  ਵਿੱਚ ਨਿੱਤਰ ਆਏ ਹਨ। ਉਨ੍ਹਾਂ ਕਿਹਾ ਕਿ ਉਹ 12 ਸਾਲਾਂ ਤੋਂ ਕੇਜਰੀਵਾਲ ਨੂੰ ਜਾਣਦੇ ਹਨ, ਉਹ  ਭ੍ਰਿਸ਼ਟਾਚਾਰ ਨਹੀਂ ਕਰ ਸਕਦੇ। ਬਿਨਾਂ ਆਧਾਰ ਦੇ ਦੋਸ਼ ਲਾਉਣਾ ਗ਼ਲਤ ਹੈ।  ਕੇਜਰੀਵਾਲ ਵੱਲੋਂ ਰਿਸ਼ਵਤ ਲੈਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ।
ਕੇਜਰੀਵਾਲ ’ਤੇ ਦੋਸ਼ ਲੱਗਣ ਦਾ ਦੁੱਖ: ਹਜ਼ਾਰੇ
ਮੁੰਬਈ - ਸਮਾਜ ਸੇਵੀ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਸਾਥੀ ਰਹੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਵੱਢੀਖੋਰੀ ਦੇ ਦੋਸ਼ ਲੱਗਣ ਨਾਲ ਉਨ੍ਹਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚੋਂ ਹੀ ਨਿਕਲੀ ਪਰ ਅੱਜ ਉਨ੍ਹਾਂ ਨੂੰ ਖ਼ੁਦ ਰਿਸ਼ਵਤ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਬੇਹੱਦ ਦੁਖਦਾਈ ਹੈ।
 

 

 

fbbg-image

Latest News
Magazine Archive