ਨਾਈਟਰਾਈਡਰਜ਼ ਨੇ ਰਾਇਲ ਚੈਲੰਜਰਜ਼ ਕੀਤੇ ਰੰਕ

*     ਛੇ ਵਿਕਟਾਂ ਨਾਲ ਦਿੱਤੀ ਮਾਤ
*     ਸੁਨੀਲ ਨਾਰਾਇਣ ਬਣਿਆ ਮੈਨ ਆਫ਼ ਦਿ ਮੈਚ
*     ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੌਰ ਨੇ ਬਣਾਈਆਂ ਸਨ 158 ਦੌੜਾਂ
ਬੰਗਲੌਰ - ਸੁਨੀਲ ਨਾਰਾਇਣ 54 ਦੌੜਾਂ ਤੇ ਕ੍ਰਿਸ ਲਿਨ 50 ਦੌੜਾਂ ਦੀ ਤੇਜ਼ਤਰਾਰ ਅਰਧ ਸੈਂਕੜਿਆਂ ਦੀਆਂ ਪਾਰੀਆਂ ਸਦਕਾ ਕੋਲਕਾਤਾ ਨਾਈਟਰਾਈਡਰਜ਼ ਨੇ ਅੱਜ ਇੱਥੇ ਆਈਪੀਐਲ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ 29 ਗੇਂਦਾਂ ਰਹਿੰਦਿਆਂ ਛੇ ਵਿਕਟਾਂ ਨਾਲ ਹਰਾਇਆ। ਰਾਇਲ ਚੈਲੰਜਰਜ਼ ਬੰਗਲੌਰ ਲਈ ਟ੍ਰੇਵਿਸ ਹੈੱਡ (ਨਾਬਾਦ 75) ਅਤੇ ਮਨਦੀਪ ਸਿੰਘ (52) ਦੀ ਅਰਧਸੈਂਕੜਿਆਂ ਦੀਆਂ ਪਾਰੀਆਂ ਕੰਮ ਨਹੀਂ ਆਈਆਂ, ਜਿਨ੍ਹਾਂ ਦੀ ਮਦਦ ਨਾਲ ਉਸ ਨੇ ਛੇ ਵਿਕਟਾਂ ’ਤੇ    158 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਕੋਲਕਾਤਾ ਨਾਈਟਰਾਈਡਰਜ਼ ਨੇ ਇਸ ਦੇ ਜਵਾਬ ਵਿੱਚ 15.1 ਓਵਰਾਂ ਵਿੱਚ ਚਾਰ ਵਿਕਟਾਂ ’ਤੇ 159 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਕੇਕੇਆਰ ਇਸ ਤਰ੍ਹਾਂ 12 ਮੈਚਾਂ ਵਿੱਚ ਅੱਠ ਜਿੱਤਾਂ ਨਾਲ 16 ਅੰਕ ਲੈ ਕੇ ਤੀਜੇ ਸਥਾਨ ਤੋਂ ਦੂਜੇ ਸਥਾਨ ’ਤੇ ਪੁੱਜ ਗਈ ਹੈ। ਮੁੰਬਈ ਇੰਡੀਅਨਜ਼ 18 ਅੰਕਾਂ ਨਾਲ ਸਿਖਰ ’ਤੇ ਹੈ। ਨਾਰਾਇਣ ਪੰਜਵੇਂ ਓਵਰ ਵਿੱਚ 15 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਅਰਧਸੈਂਕੜਾ ਬਣਾ ਕੇ ਯੂਸੁਫ ਪਠਾਣ ਦੇ ਬਰਾਬਰ ਪੁੱਜ ਗਿਆ ਹੈ, ਜਿਸ ਨੇ ਇਹ ਕਾਰਨਾਮਾ 2014 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਕੀਤਾ ਸੀ। ਉਧਰ ਲਿਨ ਨੇ ਛੇਵੇਂ ਓਵਰ ਦੀ ਆਖਰੀ ਗੇਂਦ ’ਤੇ ਸਕੋਰ 105 ਤੱਕ ਪੁਚਾ ਕੇ ਪਾਵਰਪਲੇਅ ਵਿੱਚ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਡਾ ਸਕੋਰ ਬਣਾਇਆ।
ਟੀਮ ਨੇ ਚੌਥੇ ਓਵਰ ਵਿੱਚ ਤਿੰਨ ਛੱਕਿਆਂ ਤੇ ਇੱਕ ਚੌਕੇ ਨਾਲ 25 ਦੌੜਾਂ ਤੇ ਪੰਜਵੇਂ ਓਵਰ ਵਿੱਚ ਚਾਰ ਚੌਕਿਆਂ ਤੇ ਇੱਕ ਛੱਕੇ ਨਾਲ 26 ਦੌੜਾਂ ਜੋੜੀਆਂ। ਪਰ ਨਾਰਾਇਣ ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਅਨਿਕੇਤ ਚੌਧਰੀ ਦੇ ਬਾਊਂਸਰ ’ਤੇ ਆਊਟ ਹੋ ਗਿਆ। ਇਸ ਨਾਲ ਉਸ ਦੀ 17 ਗੇਂਦਾਂ ਵਿੱਚ ਛੇ ਚੌਕਿਆਂ ਤੇ ਚਾਰ ਛੱਕਿਆਂ ਦੀ ਪਾਰੀ ਤੇ ਲਿਨ ਨਾਲ 105 ਦੌੜਾਂ ਦੀ ਭਾਈਵਾਲੀ ਦਾ ਅੰਤ ਹੋਇਆ ਤੇ ਇਹ ਓਵਰ ਮੇਡਨ ਗਿਆ।
ਲਿਨ ਨੇ ਇਸੇ ਤਰ੍ਹਾਂ ਅਗਲੇ ਓਵਰ ਵਿੱਚ ਇੱਕ ਦੌੜ ਬਣਾ ਕੇ ਅਰਧ ਸੈਂਕੜਾ ਪੂਰਾ ਕੀਤਾ ਤੇ ਇਸ ਤੋਂ ਬਾਅਦ ਉਹ ਪਵਨ ਨੇਗੀ ਦੀ ਗੇਂਦ ’ਤੇ ਬੋਲਡ ਹੋ ਗਿਆ। ਲਿਨ ਨੇ 22 ਗੇਂਦਾਂ ਵਿੱਚ ਪੰਜ ਚੌਕੇ ਤੇ ਚਾਰ ਛੱਕੇ ਜੜੇ। ਕੋਲਿਨ ਗ੍ਰੈਂਡਹੋਮ ਨੇ 31 ਦੌੜਾਂ ਤੇ ਕਪਤਾਨ ਗੌਤਮ ਗੰਭੀਰ ਨੇ 13 ਦੌੜਾਂ ਦਾ ਯੋਗਦਾਨ ਦਿੱਤਾ।

 

 

fbbg-image

Latest News
Magazine Archive