ਹਰਿਆਣਾ ਵਿਧਾਨ ਸਭਾ ਵੱਲੋਂ ਜੀਐਸਟੀ ਸਮੇਤ 9 ਬਿੱਲ ਪਾਸ

ਹਰਿਆਣਾ ਲਈ ਵੱਖਰੀ ਹਾਈ ਕੋਰਟ ਬਣਾਉਣ ਦਾ ਮਤਾ ਵੀ ਪਾਸ
ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ ਦੇ ਅੱਜ ਵਿਸ਼ੇਸ਼ ਇਕ ਰੋਜ਼ਾ ਸੈਸ਼ਨ ਦੌਰਾਨ ਹਰਿਆਣਾ ਗੁੱਡਜ਼ ਐਂਡ ਸਰਵਿਸਜ਼ ਟੈਕਸ (ਜੀਐਸਟੀ) ਬਿੱਲ-2017 ਸਮੇਤ 9 ਬਿੱਲ ਪਾਸ ਕੀਤੇ ਗਏ, ਜਿਸ ਵਿੱਚ ਮੰਤਰੀਆਂ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ, ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਦੇ ਬਿੱਲ ਵੀ ਸ਼ਾਮਲ ਹਨ। ਹਰਿਆਣਾ ਵਿਧਾਨ ਸਭਾ ਨੇ ਸੂਬੇ ਲਈ ਵੱਖਰਾ ਹਾਈ ਕੋਰਟ ਬਣਾਉਣ ਦਾ ਮਤਾ ਪਾਸ ਕਰਕੇ ਐੱਸਵਾਈਐੱਲ ਦੇ ਨਾਲ ਇਕ ਹੋਰ ਸਿਆਸੀ ਮੁੱਦਾ ਛੇੜ ਦਿੱਤਾ ਹੈ।
ਇਸ ਮੌਕੇ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਜੀਐਸਟੀ ਤੋਂ ਪਹਿਲਾਂ ਐੱਸਵਾਈਐੱਲ ਦੇ ਮੁੱਦੇ ਉੱਪਰ ਚਰਚਾ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹਰਿਆਣਾ ਦੇ ਲੋਕਾਂ ਲਈ ਜੀਐਸਟੀ ਨਹੀਂ ਐਸਵਾਈਐਲ ਦਾ ਮੁੱਦਾ ਅਹਿਮ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹਾਊਸ ਨੂੰ ਜਾਣਕਾਰੀ ਦੇਣ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਐੱਸਵਾਈਐੱਲ ਦੇ ਮੁੱਦੇ ਬਾਰੇ ਕੀ ਗੱਲਬਾਤ ਹੋਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਐੱਸਵਾਈਐੱਲ ਦੇ ਮੁੱਦੇ ’ਤੇ ਹਰਿਆਣਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕਜੁੱਟ ਹਨ। ਉਨ੍ਹਾਂ ਸਦਨ ਨੂੰ ਦੱਸਿਆ ਕਿ ਇਸ ਮੁੱਦੇ ’ਤੇ ਸਾਰੇ ਮਿਲ ਕੇ ਚੱਲ ਰਹੇ ਹਨ ਕਿਉਂਕਿ ਇਹ ਹਰਿਆਣਾ ਦੇ ਢਾਈ ਕਰੋੜ ਲੋਕਾਂ ਨਾਲ ਜੁੜਿਆ ਮੁੱਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਪੱਤਰ ਲਿਖੇ ਹਨ ਤੇ ਰਾਸ਼ਟਰਪਤੀ ਨਾਲ ਸਭ ਨੇ ਮੁਲਾਕਾਤ ਵੀ ਕੀਤੀ ਹੈ। ਇਸੇ ਦੌਰਾਨ ਰੌਲੇ ਰੱਪੇ ਵਿਚਕਾਰ ਹੀ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੇ ਜੀਐਸਟੀ ਬਿੱਲ ਪੇਸ਼ ਕਰ ਦਿੱਤਾ। ਇਸ ਬਿੱਲ ਉੱਪਰ ਬਹਿਸ ਕਰਦਿਆਂ ਕਾਂਗਰਸੀ ਵਿਧਾਇਕ ਕਰਨ ਦਲਾਲ ਨੇ ਕਿਹਾ ਕਿ ਜੀਐਸਟੀ ਲਾਗੂ ਹੋਣ ਨਾਲ 5 ਸਾਲਾਂ ਬਾਅਦ ਹਰਿਆਣਾ ਨੂੰ ਵੱਡਾ ਨੁਕਸਾਨ ਹੋਵੇਗਾ। ਦੂਸਰੇ ਪਾਸੇ ਕੈਪਟਨ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਵੱਡੀ ਆਰਥਿਕ ਕ੍ਰਾਂਤੀ ਆਵੇਗੀ। ਇਸ ਮਗਰੋਂ ਗੁਰੂਗਰਾਮ ਯੂਨੀਵਰਸਿਟੀ ਬਿੱਲ-2017, ਦਿ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ (ਅਮੈਂਡਮੈਂਟ ਐਂਡ ਵੈਲੀਡੇਸ਼ਨ) ਬਿੱਲ, ਦਿ ਵਾਈਐਮਸੀਏ ਯੂਨੀਵਰਸਿਟੀ ਆਫ ਸਾਇੰਸਿਜ਼ ਐਂਡ ਤਕਨਾਲੌਜੀ ਫਰੀਦਾਬਾਦ (ਸੋਧਿਆ) ਬਿੱਲ, ਦਿ ਹਰਿਆਣਾ ਸਟੇਟ ਯੂਨੀਵਰਸਿਟੀ ਆਫ ਹਾਰਟੀਕਲਚਰ ਸਾਇੰਸਿਜ਼ ਕਰਨਾਲ (ਸੋਧਿਆ) ਬਿੱਲ, ਦਿ ਹਰਿਆਣਾ ਸੈਲਰੀ ਐਂਡ ਅਲਾਊਂਸਿਜ਼ ਆਫ ਮਨਿਸਟਰਜ਼ (ਸੋਧਿਆ) ਬਿੱਲ, ਦਿ ਹਰਿਆਣਾ ਲੈਜਿਸਲੇਟਿਵ ਅਸੈਂਬਲੀ ਸਪੀਕਰਜ਼ ਐਂਡ ਡਿਪਟੀ ਸਪੀਕਰ ਸੈਲਰੀਜ਼ ਐਂਡ ਅਲਾਊਂਸਿਜ਼ (ਸੋਧਿਆ), ਦਿ ਹਰਿਆਣਾ ਲੈਜਿਸਲੇਟਿਵ ਅਸੈਂਬਲੀ (ਸੈਲਰੀ, ਅਲਾਊਂਸਿਜ਼ ਤੇ ਪੈਨਸ਼ਨ ਆਫ ਮੈਂਬਰਜ਼) ਸੋਧਿਆ ਬਿੱਲ ਅਤੇ ਦਿ ਇੰਡੀਅਨ ਸਟੈਂਪ (ਹਰਿਆਣਾ ਸੋਧਿਆ) ਬਿੱਲ ਪਾਸ ਕੀਤੇ ਗਏ।
ਪਾਸ ਹੋਏ ਬਿੱਲਾਂ ਤਹਿਤ ਮੰਤਰੀਆਂ, ਸਪੀਕਰ, ਡਿਪਟੀ ਸਪੀਕਰ ਅਤੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤੇ ਪਹਿਲੀ ਅਪਰੈਲ 2016 ਤੋਂ ਵਧਾਏ ਗਏ ਹਨ। ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਮੰਤਰੀਆਂ, ਸਪੀਕਰ ਤੇ ਡਿਪਟੀ ਸਪੀਕਰ ਦੀ ਤਨਖਾਹ 60 ਹਜ਼ਾਰ ਤੇ ਦਫਤਰੀ ਭੱਤੇ 20,000 ਰੁਪਏ ਪ੍ਰਤੀ ਮਹੀਨਾ ਹੋ ਗਏ ਹਨ। ਵਿਰੋਧੀ ਧਿਰ ਦੇ ਆਗੂ ਦੀ ਤਨਖਾਹ ਵੀ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਦਿ ਇੰਡੀਅਨ ਸਟੈਂਪ ਬਿੱਲ ਪਾਸ ਹੋਣ ਨਾਲ ਸਟੈਂਪ ਡਿਊਟੀ ਦੀਆਂ ਦਰਾਂ ਵੀ ਵਧੀਆਂ ਹਨ।
ਵਿੱਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ’ਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਸ਼ੋਕ ਮਤੇ ਪੇਸ਼ ਕੀਤੇ, ਜਿਸ ਦੌਰਾਨ ਸਪੀਕਰ ਕੰਵਰ ਪਾਲ, ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੇ ਮਰਹੂਮ ਅਭਿਨੇਤਾ ਤੇ ਕੇਂਦਰੀ ਮੰਤਰੀ ਵਿਨੋਦ ਖੰਨਾ, ਓਮ ਪੁਰੀ, ਸੁਤੰਤਰਤਾ ਸੈਲਾਨੀ ਚੰਦਰ ਭਾਨ ਆਦਿ  ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

 

 

fbbg-image

Latest News
Magazine Archive