ਵੱਡੇ ਸਕੋਰ ਦਾ ਪਿੱਛਾ ਕਰਦਿਆਂ ਦਿੱਲੀ ਨੇ ਗੁਜਰਾਤ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ - ਦਿੱਲੀ ਡੇਅਰ ਡੈਵਿਲਜ਼ ਨੇ ਅੱਜ ਇਥੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਆਈਪੀਐਲ ਦੇ ਇਕ ਮੈਚ ਵਿੱਚ ਗੁਜਰਾਤ ਲਾਇਨਜ਼ ਦੇ ਵੱਡੇ ਸਕੋਰ ਨੂੰ ਛੋਟਾ ਸਾਬਤ ਕਰ ਦਿੱਤਾ ਤੇ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਗੁਜਰਾਤ ਵੱਲੋਂ ਪਹਿਲਾਂ ਖੇਡਦਿਆਂ ਜਿੱਤਣ ਲਈ ਦਿੱਤੇ 209 ਦੌਡ਼ਾਂ ਦੇ ਟੀਚੇ ਨੂੰ ਮੇਜ਼ਬਾਨ ਦਿੱਲੀ ਨੇ ਮਹਿਜ਼ 3 ਵਿਕਟਾਂ ਗੁਆ ਕੇ 15 ਗੇਂਦਾਂ ਬਾਕੀ ਰਹਿੰਦਿਆਂ 17.3 ਓਵਰਾਂ ਵਿੱਚ ਹੀ ਸਰ ਕਰ ਲਿਆ।
ਦਿੱਲੀ ਲਈ ਵਿਕਟ ਕੀਪਰ ਰਿਸ਼ਭ ਪੰਤ ਨੇ 97 ਦੌਡ਼ਾਂ (43 ਗੇਂਦਾਂ ਵਿੱਚ 6 ਚੌਕੇ ਤੇ 9 ਛੱਕੇ) ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਸੈਂਕਡ਼ੇ ਤੋਂ ਖੁੰਝ ਗਿਆ, ਜਦੋਂ 15ਵੇਂ ਓਵਰ ਵਿੱਚ ਪ੍ਰਦੀਪ ਸਾਂਗਵਾਨ ਦੀ ਗੇਂਦ ਉਤੇ ਵਿਕਟ ਕੀਪਰ ਦਿਨੇਸ਼ ਕਾਰਤਿਕ ਨੇ ਉਸ ਨੂੰ ਕੈਚ ਕਰ ਲਿਆ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੇ ਵੀ 31 ਗੇਂਦਾਂ ਵਿੱਚ 7 ਛੱਕੇ ਜਡ਼ ਕੇ 61 ਦੌਡ਼ਾਂ ਬਣਾਈਆਂ ਪਰ ਕਪਤਾਨ ਕਰੁਨ ਨਾਇਰ 12 ਦੌਡ਼ਾਂ ਹੀ ਬਣਾ ਸਕਿਆ। ਸ਼੍ਰੇਯਾਸ ਆਇਰ ਤੇ ਕੋਰੀ ਐਂਡਰਸਨ ਕ੍ਰਮਵਾਰ 14 ਤੇ 18 ਉਤੇ ਨਾਬਾਦ ਰਹੇ। ਗੁਜਰਾਤ ਲਈ ਸਾਂਗਵਾਨ, ਬਾਸਿਲ ਥੰਪੀ ਤੇ ਰਵਿੰਦਰ ਜਡੇਜਾ ਨੂੰ ਇਕ-ਇਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਕਪਤਾਨ ਸੁਰੇਸ਼ ਰੈਨਾ ਅਤੇ ਦਿਨੇਸ਼ ਕਾਰਤਿਕ ਦੀ ਸੈਂਕਡ਼ੇ ਦੀ ਭਾਈਵਾਲੀ ਸਦਕਾ ਗੁਜਰਾਤ ਨੇ ਦਿੱਲੀ ਖਿਲਾਫ਼ ਸੱਤ ਵਿਕਟਾਂ ’ਤੇ 208 ਦੌਡ਼ਾਂ ਬਣਾਈਆਂ। ਰੈਣਾ ਨੇ 43 ਗੇਂਦਾਂ ’ਚ ਪੰਜ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 77 ਜਦੋਂ ਕਿ ਕਾਰਤਿਕ ਨੇ 34 ਗੇਂਦਾਂ ’ਚ ਪੰਜ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 65 ਦੌਡ਼ਾਂ ਬਣਾਈਆਂ। ਉਨ੍ਹਾਂ ਨੇ ਤੀਜੀ ਵਿਕਟ ਲਈ 133 ਦੌਡ਼ਾਂ ਦੀ ਭਾਈਵਾਲੀ ਕੀਤੀ। ਦਿੱਲੀ ਨੇ ਆਖਿਰੀ ਓਵਰ ਵਿੱਚ ਚੰਗੀ ਵਾਪਸੀ ਕੀਤੀ। ੳੁਸ ਨੇ 14 ਤੋਂ 19 ਓਵਰਾਂ ਤਕ ਪੰਜ ਓਵਰਾਂ ਵਿੱਚ ਸਿਰਫ 33 ਦੌਡ਼ਾਂ ਦਿੱਤੀਆਂ। ਰਵਿੰਦਰ ਜਡੇਜਾ ਨੇ ਨਾਬਾਦ 18 ਦੌਡ਼ਾਂ ਦੀ ਪਾਰੀ ਖੇਡੀ। ਦਿੱਲੀ ਵੱਲੋਂ ਪੈਟ ਕਮਿੰਸ ਅਤੇ ਕੈਗਿਸੋ ਰਬਾਡਾ ਨੇ ਦੋ-ਦੋ ਵਿਕਟਾਂ ਲਈਆਂ। ਟਾਸ ਹਾਰਨ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਲਾਇਨਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਦੇ ਦੋਨੋਂ ਸਲਾਮੀ ਬੱਲੇਬਾਜ਼ ਬ੍ਰੈਂਡਨ ਮੈਕੁਲਮ ਅਤੇ ਡਵੈਨ ਸਮਿਥ 10 ਦੌਡ਼ਾਂ ਦੇ ਸਕੋਰ ’ਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰੈਨਾ ਅਤੇ ਕਾਰਤਿਕ ਨੇ ਟੀਮ ਨੂੰ ਸੰਭਾਲਿਆ। ਦਿੱਲੀ ਨੂੰ ਮਾਡ਼ੀ ਫੀਲਡਿੰਗ ਦਾ ਖਮਿਆਜ਼ਾ ਭੁਗਤਣਾ ਪਿਆ ।

 

 

fbbg-image

Latest News
Magazine Archive