ਲੁਧਿਆਣਾ ਦੀ ਸਾਈਕਲ ਫੈਕਟਰੀ ਵਿੱਚ ਲੱਗੀ ਅੱਗ

ਲੁਧਿਆਣਾ - ਖ਼ਾਲੀ ਪਲਾਟ ਵਿੱਚ ਕੂੜੇ ਦੇ ਢੇਰ ਵਿੱਚ ਲੱਗੀ ਅੱਗ ਤੋਂ ਨਿਕਲੇ ਚੰਗਿਆੜਿਆਂ ਕਾਰਨ ਗਿੱਲ ਰੋਡ ਸਥਿਤ ਦਮਨ ਇੰਟਰਪ੍ਰਾਈਜਜ਼ ਵਿੱਚ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ‘ਤੇ ਪੁੱਜੀਆਂ, ਜਿਨ੍ਹਾਂ ਕਰੀਬ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਪਿਆ ਸਾਰਾ ਸਾਮਾਨ ਸੁਆਹ ਹੋ ਗਿਆ।
ਸ਼ਨਿਚਰਵਾਰ ਨੂੰ ਵੀ ਕ੍ਰਿਪਾਲ ਨਗਰ ਵਿੱਚ ਇਕ ਧਾਗਾ ਫੈਕਟਰੀ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਸੀ ਅਤੇ ਘੋੜਾ ਕਲੋਨੀ ਵਿੱਚ ਤਾਂ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ। ਫਾਇਰ ਅਫ਼ਸਰ ਰਾਜਿੰਦਰ ਸ਼ਰਮਾ ਮੁਤਾਬਕ ਗਿੱਲ ਰੋਡ ‘ਤੇ ਦਮਨ ਇੰਟਰਪ੍ਰਾਈਜਜ਼ ਨਾਮ ਦੀ ਫੈਕਟਰੀ ਵਿੱਚ ਸਾਈਕਲ ਦੇ ਪੁਰਜ਼ੇ ਤਿਆਰ ਹੁੰਦੇ ਹਨ। ਫੈਕਟਰੀ ਦੇ ਨਾਲ ਹੀ ਖਾਲੀ ਪਲਾਟ ਹੈ, ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ। ਐਤਵਾਰ ਕਾਰਨ ਫੈਕਟਰੀ ਬੰਦ ਸੀ ਤਾਂ ਖਾਲੀ ਪਲਾਟ ਵਿੱਚ ਪਏ ਕੂੜੇ ਨੂੰ ਕਿਸੇ ਨੇ ਅੱਗ ਲਾ ਦਿੱਤੀ। ਕੂੜੇ ਦੇ ਢੇਰ ਵਿੱਚੋਂ ਨਿਕਲੇ ਚੰਗਿਆੜੇ ਫੈਕਟਰੀ ਵਿੱਚ ਪੁੱਜ ਗਏ। ਫੈਕਟਰੀ ਵਿੱਚ ਟਾਇਰ, ਟਿਊਬ ਤੇ ਰੰਗ ਦੇ ਡੱਬੇ ਪਏ ਸਨ, ਜਿਨ੍ਹਾਂ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ।
ਅੱਗ ਦੀਆਂ ਲਾਟਾਂ ਦੇਖ ਕੇ ਆਂਢ-ਗੁਆਂਢ ਫੈਕਟਰੀ ਵਿੱਚ ਰਹਿਣ ਵਾਲੇ ਮਜ਼ਦੂਰਾਂ ਨੇ ਰੌਲਾ ਪਾਇਆ ਤੇ ਤੁਰੰਤ ਇਸ ਦੀ ਜਾਣਕਾਰੀ ਫੈਕਟਰੀ ਮਾਲਕ ਨੂੰ ਦਿੱਤੀ। ਫੈਕਟਰੀ ਮਾਲਕ ਦੇ ਆਉਣ ਤੋਂ ਪਹਿਲਾਂ ਮਜ਼ਦੂਰਾਂ ਨੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ। ਰਾਜਿੰਦਰ ਸ਼ਰਮਾ ਅਨੁਸਾਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ, ਅੱਗ ਕਾਫ਼ੀ ਫੈਲ ਚੁੱਕੀ ਸੀ। ਡੇਢ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੱਗ ਬੁਝਾਊ ਪ੍ਰਣਾਲੀ ਨਹੀਂ ਸੀ।

 

 

fbbg-image

Latest News
Magazine Archive