ਮੌਜੂਦਾ ਸਨਅਤਾਂ ਨੂੰ ਵੀ ਨਵੀਆਂ ਬਰਾਬਰ ਸਹੂਲਤਾਂ: ਕੈਪਟਨ

ਸੀਆਈਆਈ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਦਿੱਤੀ ਹਦਾਇਤ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਨਵੀਂ ਸਨਅਤੀ ਨੀਤੀ ਵਿਚ ਨਵੇਂ ਉਦਯੋਗਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ, ਮੌਜੂਦਾ ਸਨਅਤਾਂ ਨੂੰ ਵੀ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾਵੇ।
ਮੁੱਖ ਮੰਤਰੀ ਨੇ ਇਹ ਆਦੇਸ਼ ਅੱਜ ਇਥੇ   ਸੀਆਈਆਈ ਦੇ ਉੱਤਰੀ ਖੇਤਰ ਦੇ ਚੇਅਰਮੈਨ ਸੁਮੰਤ ਸਿਨਹਾ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਮਿਲੇ ਵਫ਼ਦ ਨਾਲ ਗੱਲਬਾਤ ਦੌਰਾਨ ਦਿੱਤੇ।  ਵਫ਼ਦ ਉੱਤਰੀ ਸੂਬਿਆਂ, ਖਾਸਕਰ  ਪੰਜਾਬ ਵਿੱਚ ਵਪਾਰ ਤੇ ਕਾਰੋਬਾਰ ਨੂੰ ਹੁਲਾਰਾ ਦੇਣ ਨੂੰ ਸੁਖਾਲਾ ਬਣਾਉਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਪੁੱਜਾ ਸੀ। ਗ਼ੌਰਤਲਬ ਹੈ ਕਿ ਸਨਅਤਾਂ ਦੇ ਮਾਮਲੇ ਵਿੱਚ ਪੰਜਾਬ ਇਸ ਵੇਲੇ 12ਵੇਂ ਸਥਾਨ ’ਤੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਪਾਰ ’ਚ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਸੂਬੇ ਵਿੱਚ ਨਿਵੇਸ਼ ਖਿੱਚਣ ਵਾਸਤੇ ਸੀਆਈਆਈ ਤੋਂ ਸੁਝਾਅ ਮੰਗੇ। ਉਦਯੋਗ ਅਤੇ ਸੂਬਾ ਸਰਕਾਰ ਵਿਚਕਾਰ ਗੱਲਬਾਤ ਜਾਰੀ ਰੱਖਣ ਲਈ ਦੋਵੇਂ ਧਿਰਾਂ ਸਮੂਹਿਕ ਰੂਪ ਵਿੱਚ ਕੰਮ ਕਰਨ ਲਈ ਸਹਿਮਤ ਹੋ ਗਈਆਂ ਹਨ। ਪੰਜਾਬ ਸਰਕਾਰ ਇਸ ਵੇਲੇ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਲਈ ਸੁਖਾਵਾਂ ਮਾਹੌਲ ਬਣਾਉਣ ਵਾਸਤੇ ਨਵੀਂ ਸਨਅਤੀ ਨੀਤੀ ਉੱਤੇ ਕੰਮ ਕਰ ਰਹੀ ਹੈ।
ਸੀਆਈਆਈ ਨੇ ਸੂਬੇ ਵਿੱਚ ਐਗਰੋ ਅਧਾਰਿਤ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਲਘੂ ਸਨਅਤਾਂ ਨੂੰ ਹੁਲਾਰਾ ਦੇਣ, ਬਿਜਲੀ ਸਪਲਾਈ ਵਿੱਚ ਸੁਧਾਰ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਹਵਾਈ ਸੰਪਰਕ ਵਧਾਉਣ ਦਾ ਵੀ ਸੁਝਾਅ ਦਿੱਤਾ। ਵਫ਼ਦ ਨੇ ਸੂਬੇ ਦੇ ਸਨਅਤੀ ਧੁਰੇ ਲੁਧਿਆਣਾ ਨਾਲ ਹਵਾਈ ਸੰਪਰਕ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਬਿਨਾਂ ਅੜਚਣ ਹਵਾਈ ਉਡਾਣਾਂ ਦਾ ਉਤਰਨਾ ਯਕੀਨੀ ਬਣਾਉਣ ਲਈ ਆਈਐਲਐਸ ਦੀ ਸਥਾਪਤੀ ਨਾਲ ਇਸ ਸ਼ਹਿਰ ਲਈ ਉਡਾਣਾਂ ਦੀ ਗਿਣਤੀ ਵੀ ਵਧਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਬਿਜਲੀ ਦੀ ਮਾੜੀ ਟਰਾਂਸਮਿਸ਼ਨ  ਕਾਰਨ ਸਨਅਤ ਨੂੰ ਪੰਜ ਰੁਪਏ ਪ੍ਰਤੀ ਬਿਜਲੀ ਮੁਹੱਈਆ ਕਰਵਾਉਣ ਲਈ ਪਹਿਲਕਦਮੀ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਉਨ੍ਹਾਂ ਦੀ ਤਜਵੀਜ਼ ਉੱਤੇ ਹਾਂਪੱਖੀ ਹੁੰਗਾਰਾ ਭਰਿਆ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨਾਲ ਹੋਰ ਵਪਾਰਕ ਸੰਭਾਵਨਾਵਾਂ ਉੱਤੇ ਗੌਰ ਕਰਨ ਲਈ ਵੀ ਪੰਜਾਬ ਨੂੰ ਸੰਕੇਤ ਦਿੱਤਾ ਹੈ। ਵਫ਼ਦ ਨੇ ਕੇਂਦਰ ਸਰਕਾਰ ਦੀ ਤਜਵੀਜ਼ਤ ਜ਼ੀਰੋ ਲਿਕੁਇਡ ਡਿਸਚਾਰਜ ਪਾਲਿਸੀ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਸਨਅਤ ਉੱਤੇ ਬੁਰਾ ਅਸਰ ਪਵੇਗਾ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ  ਪ੍ਰਮੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਉਦਯੋਗ ਤੇ ਕਾਮਰਸ ਡੀ.ਪੀ. ਰੈਡੀ ਅਤੇ ਸੀਈਓ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ  ਡੀ.ਕੇ. ਤਿਵਾੜੀ ਵੀ ਹਾਜ਼ਰ ਸਨ।ਸੀਆਈਆਈ ਦੇ ਵਫ਼ਦ ਵਿੱਚ ਚੇਅਰਮੈਨ ਇਲਾਵਾ ਡਿਪਟੀ ਚੇਅਰਮੈਨ ਸੰਚਿਤ ਜੈਨ, ਗੁਰਮੀਤ ਭਾਟੀਆ, ਉਪ ਚੇਅਰਮੈਨ ਸਰਵਜੀਤ ਸਮਰਾ, ਸੰਦੀਪ ਜੈਨ, ਬਾਬੂ ਖਾਨ, ਭੁਪਿੰਦਰ ਪਾਲ ਕੌਰ ਅਤੇ ਕਾਰਜਕਾਰੀ ਅਧਿਕਾਰੀ ਜਗਮੀਤ ਸਿੰਘ ਬੇਦੀ ਸ਼ਾਮਲ ਸਨ।
ਪੰਜਾਬ ’ਚ ਬਣੇਗੀ ਐਨਐਸਜੀ ਵਰਗੀ ਕਮਾਂਡੋ ਫੋਰਸ
ਚੰਡੀਗੜ੍ਹ - ਪੰਜਾਬ ਪੁਲੀਸ ਨੇ ਦਹਿਸ਼ਤੀ ਹਮਲਿਆਂ ਦੇ ਟਾਕਰੇ ਲਈ ਨੈਸ਼ਨਲ ਸਿਕਿਉਰਿਟੀ ਗਾਰਡ (ਐਨਐਸਜੀ) ਦੀ ਤਰਜ਼ ’ਤੇ ਆਪਣਾ ਕਮਾਂਡੋ ਬਲ ਸਪੈਸ਼ਲ ਅਪਰੇਸ਼ਨ ਗਰੁੱਪ (ਐਸਓਜੀ) ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਪੰਜਾਬ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਸੀਂ ਉਸੇ ਤਰ੍ਹਾਂ ਦਾ ਐਸਓਜੀ ਬਣਾ ਰਹੇ ਹਾਂ, ਜਿਵੇਂ ਦਾ ਕੇਂਦਰੀ ਪੱਧਰ ’ਤੇ ਐਨਐਸਜੀ ਹੈ।’’
ਗ਼ੌਰਲਤਬ ਹੈ ਕਿ ਪੰਜਾਬ ਦੀ ਪਾਕਿਸਤਾਨ ਨਾਲ ਸਰਹੱਦ ਸਾਂਝੀ ਹੈ ਤੇ ਪਿਛਲੇ ਸਮੇਂ ਦੌਰਾਨ ਇਥੇ ਪਾਕਿਸਤਾਨ ਆਧਾਰਿਤ ਦਹਿਸ਼ਤਗਰਦਾਂ ਵੱਲੋਂ ਭਿਆਨਕ ਫਿਦਾਈਨ ਹਮਲੇ ਹੋ ਚੁੱਕੇ ਹਨ। ਅਧਿਕਾਰੀ ਨੇ ਕਿਹਾ, ‘‘ਐਸਓਜੀ ਮੁੱਖ ਤੌਰ ’ਤੇ ਫਿਦਾਈਨ ਜਾਂ ਅਤਿਵਾਦੀ ਹਮਲਿਆਂ ਨਾਲ ਸਿੱਝੇਗਾ ਤੇ ਅਗਵਾ ਵਰਗੀਆਂ ਘਟਨਾਵਾਂ ਨੂੰ ਵੀ ਰੋਕੇਗਾ।’’ ਪੰਜਾਬ ਪੁਲੀਸ ਦਾ ਐਸਓਜੀ ਕਮਾਂਡੋਜ਼ ਨੂੰ ਟਰੇਨਿੰਗ ਦੇਣ ਲਈ ਇਸਰਾਈਲ ਜਾਂ ਅਮਰੀਕਾ ਦੇ ਮਾਹਿਰਾਂ ਦੀ ਮੱਦਦ ਲੈਣ ਦਾ ਵੀ ਇਰਾਦਾ ਹੈ।
 

 

 

fbbg-image

Latest News
Magazine Archive