ਰੋਹਿਤ ਸ਼ਰਮਾ ਨੂੰ ਮਹਿੰਗਾ ਪਿਆ ਅੰਪਾਇਰ ਦਾ ਵਿਰੋਧ

ਮੈਚ ਫ਼ੀਸ ਦਾ ਅੱਧਾ ਹਿੱਸਾ ਜੁਰਮਾਨੇ ਵਜੋਂ ਅਦਾ ਕਰੇਗਾ
ਮੁੰਬਈ - ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ’ਤੇ ਨਾਰਾਜ਼ਗੀ ਜਤਾਉਣ ਲਈ ਮੈਚ ਫ਼ੀਸ ਦਾ 50 ਫ਼ੀਸਦ ਜੁਰਮਾਨਾ ਕੀਤਾ ਗਿਆ ਹੈ। ਇਹ ਘਟਨਾ ਕੱਲ੍ਹ ਰਾਤ ਵਾਨਖੇੜੇ ਸਟੇਡੀਅਮ ਵਿੱਚ ਹੋਈ ਜਦੋਂ ਮੁੰਬਈ ਨੂੰ ਆਖਰੀ ਓਵਰ ਵਿੱਚ 17 ਦੌੜਾਂ ਦੀ ਲੋੜ ਸੀ।
ਜੈਦੇਵ ਉਨਾਦਕਟ ਦੇ ਇਸ ਓਵਰ ਦੀ ਪਹਿਲੀ ਗੇਂਦ ’ਤੇ ਬੈੱਨ ਸਟੋਕਸ ਨੇ ਬਾਊਂਡਰੀ ’ਤੇ ਬਿਹਤਰੀਨ ਕੈਚ ਫੜ ਕੇ ਹਾਰਦਿਕ ਪਾਂਡਿਆ ਨੂੰ ਆਊਟ ਕੀਤਾ ਜਦਕਿ ਰੋਹਿਤ ਨੇ ਦੂਜੀ ਗੇਂਦ ’ਤੇ ਛੱਕਾ ਜੜਿਆ। ਉਨਾਦਕਟ ਨੇ ਤੀਜੀ ਗੇਂਦ ਰੋਹਿਤ ਤੋਂ ਕਾਫ਼ੀ ਦੂਰ ਸੁੱਟੀ ਤੇ ਉਹਨੂੰ ਲੱਗਿਆ ਕਿ ਇਹ ਵਾਈਡ ਹੈ, ਪਰ ਅੰਪਾਇਰ ਐਸ. ਰਵੀ ਨੇ ਇਸ ਗੇਂਦ ਨੂੰ ਵਾਈਡ ਨਹੀਂ ਦਿੱਤਾ। ਇਸ ਫ਼ੈਸਲੇ ਤੋਂ ਨਾਰਾਜ਼ ਰੋਹਿਤ ਸ਼ਰਮਾ ਅੰਪਾਇਰ ਕੋਲ ਗਿਆ ਅਤੇ ਉਸ ਨੇ ਗੁੱਸੇ ਵਿੱਚ ਵਿਰੋਧ ਕੀਤਾ। ਤਿੰਨ ਗੇਂਦਾਂ ’ਤੇ ਜਦੋਂ 11 ਦੌੜਾਂ ਦੀ ਲੋੜ ਸੀ ਤਾਂ ਰੋਹਿਤ ਨੇ ਚੌਥੀ ਗੇਂਦ ਹਵਾ ਵਿੱਚ ਲਹਿਰਾਈ ਤੇ ਉਨਾਦਕਟ ਨੇ ਉਸ ਨੂੰ ਕੈਚ ਕਰ ਲਿਆ। ਅਖ਼ੀਰ ਵਿੱਚ ਮੁੰਬਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਆਈਪੀਐਲ ਨੇ ਆਪਣੇ ਬਿਆਨ ਵਿੱਚ ਕਿਹਾ, ‘ਸ਼ਰਮਾ ਨੇ ਖਿਡਾਰੀਆਂ ਤੇ ਟੀਮ ਅਧਿਕਾਰੀਆਂ ਸਬੰਧੀ ਕੋਡ ਆਫ਼ ਕੰਡਕਟ ਤਹਿਤ ਮੁੱਢਲੇ ਪੜਾਅ ਦਾ ਅਪਰਾਧ ਕਬੂਲ ਕੀਤਾ ਹੈ। ਇਸ ਸੀਜ਼ਨ ਵਿੱਚ ਇਹ ਉਸ ਦਾ ਦੂਜਾ ਅਪਰਾਧ ਹੈ। ਇਸ ਵਿੱਚ ਮੈਚ ਰੈਫਰੀ ਦਾ ਫ਼ੈਸਲਾ ਅੰਤਿਮ ਹੁੰਦਾ ਹੈ।’
ਰੋਹਿਤ ਦੇ ਬਚਾਅ ਲਈ ਨਿਤਰਿਆ ਹਰਭਜਨ
ਮੁੰਬਈ - ਮੁੰਬਈ ਇੰਡੀਅਨਜ਼ ਦੇ ਆਫ਼ ਸਪਿੰਨਰ ਹਰਭਜਨ ਸਿੰਘ ਨੇ ਕਿਹਾ ਕਿ ਉਸ ਦੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਅੰਪਾਇਰ ਨਾਲ ਮਾੜਾ ਸਲੂਕ ਨਹੀਂ ਕੀਤਾ, ਉਹ ਸਿਰਫ਼ ਨਿਯਮ ਸਪਸ਼ਟ ਕਰ ਰਿਹਾ ਸੀ। ਹਰਭਜਨ ਨੇ ਕਿਹਾ, ‘ਗੇਂਦ ਕਾਫ਼ੀ ਬਾਹਰ ਸੀ, ਪਰ ਮੈਂ ਨਹੀਂ ਜਾਣਦਾ ਕਿ ਇਹ ਵਾਈਡ ਸੀ ਜਾਂ ਨਹੀਂ। ਰੋਹਿਤ ਨੇ ਅੰਪਾਇਰ ਤੋਂ ਸਿਰਫ਼ ਏਨਾ ਪੁੱਛਿਆ ਸੀ ਕਿ ਉਸ ਨੇ ਇਸ ਨੂੰ ਵਾਈਡ ਕਿਉਂ ਨਹੀਂ ਦਿੱਤਾ।’

 

Latest News
Magazine Archive