ਤਾਲਿਬਾਨ ਦੇ ਹਮਲੇ ਵਿੱਚ 140 ਅਫ਼ਗਾਨ ਫ਼ੌਜੀ ਹਲਾਕ

ਕਾਬੁਲ - ਤਾਲਿਬਾਨ ਲੜਾਕਿਆਂ ਵੱਲੋਂ ਫ਼ੌਜੀ ਵਰਦੀ ਪਾ ਕੇ ਕੀਤੇ ਭੁਲੇਖਾਪਊ ਹਮਲੇ ’ਚ ਅਫ਼ਗਾਨ ਮਿਲਟਰੀ ਦੇ 140 ਜਵਾਨ ਮਾਰੇ ਗਏ ਹਨ। ਸਰਕਾਰੀ ਅਧਿਕਾਰੀ ਇਸ ਨੂੰ ਕਿਸੇ ਅਫ਼ਗਾਨ ਫ਼ੌਜੀ ਟਿਕਾਣੇ ’ਤੇ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੰਨ ਰਹੇ ਹਨ।
ਹਮਲਾਵਰ ਫ਼ੌਜੀ ਵਰਦੀ ਪਹਿਨ ਕੇ ਮਿਲਟਰੀ ਵਾਹਨਾਂ ’ਚ ਫ਼ੌਜੀ  ਟਿਕਾਣੇ ’ਚ ਦਾਖ਼ਲ ਹੋਏ ਤੇ ਨਿਹੱਥੇ ਅਫ਼ਗਾਨ ਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਗ੍ਰੇਨੇਡ ਸੁੱਟੇ।  ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਮਜ਼ਾਰ-ਏ-ਸ਼ਰੀਫ ਵਿੱਚ ਹੋਏ ਇਸ ਹਮਲੇ ਵਿੱਚ ਕਈ ਜਵਾਨ ਫੱਟੜ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਆਸਾਰ ਹਨ।  ਜਦਕਿ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਲਗਭਗ 100 ਜਵਾਨ ਮਾਰੇ ਗਏ ਜਾਂ ਜ਼ਖ਼ਮੀ  ਹੋਏ ਹਨ। ਇਸ ਹਮਲੇ ਨੇ ਤਾਲਿਬਾਨ ਲੜਾਕਿਆਂ ਨਾਲ ਨਜਿੱਠਣ ਦੀ ਅਫ਼ਗਾਨ ਸਰਕਾਰ ਦੀ ਸਮਰੱਥਾ ’ਤੇ ਵੀ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ ਜੋ ਦਹਾਕੇ ਤੋਂ ਇਨ੍ਹਾਂ ਨੂੰ ਖਦੇੜਨ ’ਚ ਲੱਗੀ ਹੋਈ ਹੈ। ਅਫ਼ਗਾਨੀ ਸਦਰ ਅਸ਼ਰਫ਼ ਗਨੀ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਹਮਲੇ ਨੂੰ ‘ਕਾਇਰਤਾ ਪੂਰਨ’ ਕਾਰਾ ਕਰਾਰ ਦਿੱਤਾ। ਇਹ ਫੌਜੀ ਟਿਕਾਣਾ ਅਫ਼ਗਾਨ ਨੈਸ਼ਨਲ ਆਰਮੀ ਦੀ 209ਵੀਂ ਕੋਰ ਨਾਲ ਸਬੰਧਤ ਹੈ ਤੇ ਉੱਤਰੀ ਅਫ਼ਗਾਨਿਸਤਾਨ ਦੇ ਸੁਰੱਖਿਆ ਪ੍ਰਬੰਧ ਦੇਖ ਰਿਹਾ ਹੈ।
ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਇਹ ਹਮਲਾ ਫੌਜ ਵੱਲੋਂ ਕਈ ਸੀਨੀਅਰ ਤਾਲਿਬਾਨ ਨੇਤਾਵਾਂ ਨੂੰ ਮਾਰੇ ਜਾਣ ਤੋਂ ਬਾਅਦ ਬਦਲਾ ਲੈਣ ਲਈ ਕੀਤਾ ਗਿਆ ਹੈ।  

 

 

fbbg-image

Latest News
Magazine Archive