ਧੋਨੀ ਨੇ ਧੋਤੇ ਸਨਰਾਈਜ਼ਰਜ਼

ਪੁਣੇ ਸੁਪਰਜਾਇੰਟਸ ਨੇ ਛੇ ਵਿਕਟਾਂ ਨਾਲ ਜਿੱਤਿਆ ਮੈਚ;
ਧੋਨੀ ਨੇ 34 ਗੇਂਦਾਂ ਵਿੱਚ ਬਣਾਈਆਂ 61 ਦੌੜਾਂ
ਪੁਣੇ - ਲੈਅ ਮੁੜ ਹਾਸਲ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਦੇ ਤੇਜ਼ਰਾਰ ਅਰਧ ਸੈਂਕੜੇ ਦੀ ਬਦੌਲਤ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ ਆਈਪੀਐਲ ਮੈਚ ਵਿੱਚ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਛੇ ਵਿਕਟਾਂ ਨਾਲ ਹਰਾਇਆ।
ਧੋਨੀ ਨੇ 34 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਦੀ ਪਾਰੀ ਖੇਡੀ। ਉਹਨੇ ਸਿਧਾਰਥ ਕੌਲ ਦੀ ਪਾਰੀ ਦੀ ਆਖ਼ਰੀ ਗੇਂਦ ’ਤੇ ਚੌਕਾ ਜੜ ਕੇ ਟੀਮ ਦਾ ਸਕੋਰ ਚਾਰ ਵਿਕਟਾਂ ’ਤੇ 179 ਦੌੜਾਂ ਤੱਕ ਪੁਚਾ ਕੇ ਜਿੱਤ ਦਿਵਾਈ। ਧੋਨੀ ਨੇ ਮਨੋਜ ਤਿਵਾੜੀ (ਅੱਠ ਗੇਂਦਾਂ ਵਿੱਚ ਨਾਬਾਦ 17) ਨਾਲ ਪੰਜਵੀਂ ਵਿਕਟ ਲਈ 3.5 ਓਵਰਾਂ ਵਿੱਚ 58 ਦੌੜਾਂ ਦੀ ਭਾਈਵਾਲੀ ਨਾਲ ਟੀਮ ਦੀ ਜਿੱਤ ਪੱਕੀ ਕੀਤੀ।
ਪੁਣੇ ਲਈ ਇਸ ਤੋਂ ਪਹਿਲਾਂ ਸਮਾਲਮੀ ਬੱਲੇਬਾਜ਼ ਰਾਹੁਲ ਤ੍ਰਿਪਾਠੀ ਨੇ ਤੂਫਾਨੀ ਸ਼ੁਰੂਆਤ ਕੀਤੀ। ਉਸ ਨੇ 41 ਗੇਂਦਾਂ ਵਿੱਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਕੇ ਇੱਕ ਵਿਕਟ ਲਈ, ਪਰ ਬਾਕੀ ਗੇਂਦਬਾਜ਼ ਮਹਿੰਗੇ ਸਾਬਤ ਹੋਏ। ਕੌਲ ਨੇ ਤਿੰਨ ਓਵਰਾਂ ਵਿੱਚ 45 ਜਦਕਿ ਮੁਹੰਮਦ ਸਿਰਾਜ ਨੇ ਚਾਰ ਓਵਰਾਂ ਵਿੱਚ 42 ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਟੀਮ ਨੇ ਐਮ. ਹੈਨਰਿਕਸ (ਨਾਬਾਦ 55) ਦੇ ਅਰਧ ਸੈਂਕੜੇ ਸਦਕਾ ਤਿੰਨ ਵਿਕਟਾਂ ਦੇ ਨੁਕਸਾਨ ’ਤੇ 176 ਦੌੜਾਂ ਬਣਾਈਆਂ। ਹੈਨਰਿਕਸ ਨੇ 28 ਗੇਂਦਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਦੋ ਛੱਕੇ ਜੜੇ। ਉਸ ਨੇ ਡੇਵਿਡ ਵਾਰਨਰ (43 ਦੌੜਾਂ) ਨਾਲ ਤੀਜੀ ਵਿਕਟ ਲਈ 45 ਅਤੇ ਦੀਪਕ ਹੁੱਡਾ (ਨਾਬਾਦ 19 ਦੌੜਾਂ) ਨਾਲ 47 ਦੌੜਾਂ ਦੀ ਭਾਈਵੀਲੀ ਕੀਤੀ। ਹੈਦਰਾਬਾਦ ਦੀ ਟੀਮ ਆਖ਼ਰੀ ਸੱਤ ਓਵਰਾਂ ਵਿੱਚ 91 ਦੌੜਾਂ ਜੋੜਨ ਵਿੱਚ ਸਫ਼ਲ ਰਹੀ।
ਡੈਲੀਅਲ ਕ੍ਰਿਸਟੀਅਨ (20 ਦੌੜਾਂ ’ਤੇ ਇੱਕ ਵਿਕਟ) ਅਤੇ ਲੈੱਗ ਸਪਿੰਨਰ ਇਮਰਾਨ ਤਾਹਿਰ (23 ਦੌੜਾਂ ’ਤੇ ਇੱਕ ਵਿਕਟ) ਨੇ ਵਿਚਲੇ ਓਵਰਾਂ ਵਿੱਚ ਚੰਗੀ ਗੇਂਦਬਾਜ਼ੀ ਕੀਤੀ, ਜਿਸ ਨਾਲ ਹੈਦਰਾਬਾਦ ਦੀ ਦੌੜਾਂ ਬਣਾਉਣ ਦੀ ਰਫ਼ਤਾਰ ਮੱਠੀ ਪਈ। ਜੈਦੇਵ ਉਨਾਦਕਟ ਨੇ ਵੀ ਇੱਕ ਵਿਕਟ ਲਈ। ਦੌੜਾਂ ਦਾ ਟੀਚਾ ਸਰ ਕਰਨ ਉੱਤਰੀ ਪੁਣੇ ਦੀ ਟੀਮ ਨੇ ਚੌਥੇ ਓਵਰ ਵਿੱਚ ਅਜਿੰਕਿਆ ਰਹਾਣੇ (2 ਦੌੜਾਂ) ਦੀ ਵਿਕਟ ਗਵਾਈ। ਉਸ ਨੇ ਬਿਪੁਲ ਸ਼ਰਮਾ ਦੀ ਗੇਂਦ ’ਤੇ ਮਿਡ ਆਨ ’ਤੇ ਸਿਧਾਰਥ ਕੌਲ ਨੂੰ ਕੈਚ ਦਿੱਤਾ।
ਤ੍ਰਿਪਾਠੀ ਨੇ ਭੁਵਨੇਸ਼ਵਰ ਕੁਮਾਰ ਦੀ ਗੇਂਦ ’ਤੇ ਦੋ ਚੌਕੇ ਮਾਰੇ ਤੇ ਮੁਹੰਮਦ ਸਿਰਾਜ ਦੀ ਗੇਂਦ ’ਤੇ ਬਿਪੁਲ ਨੇ ਉਸ ਦਾ ਕੈਚ ਛੱਡਿਆ। ਤ੍ਰਿਪਾਠੀ ਨੇ ਇਸੇ ਓਵਰ ਵਿੱਚ ਲਗਾਤਾਰ ਗੇਂਦਾਂ ’ਤੇ ਛੱਕਾ ਅਤੇ ਚੌਕਾ ਮਾਰਿਆ, ਜਦਕਿ ਅਗਲੇ ਓਵਰ ਵਿੱਚ ਕੌਲ ਦੀਆਂ ਗੇਂਦਾਂ ’ਤੇ ਲਗਾਤਾਰ ਛੱਕਾ ਤੇ ਚੌਕਾ ਜੜਿਆ। ਉਸ ਨੇ ਲੈੱਗ ਸਪਿੰਨਰ ਰਾਸ਼ਿਦ ਖ਼ਾਨ ਦੀ ਗੇਂਦ ’ਤੇ ਇੱਕ ਦੌੜ ਨਾਲ 32 ਗੇਂਦਾ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਕਪਤਾਨ ਸਟੀਵ ਸਮਿੱਥ (27 ਦੌੜਾਂ) ਨੇ ਬਿਪੁਲ ਦੀਆਂ ਗੇਂਦਾਂ ’ਤੇ ਲਗਾਤਾਰ ਦੋ ਛੱਕੇ ਮਾਰੇ, ਪਰ ਉਹ ਰਾਸ਼ਿਦ ਦੀ ਗੇਂਦ ’ਤੇ ਆਊਟ ਹੋ ਗਿਆ।
ਪੁਣੇ ਨੂੰ ਜਿੱਤ ਲਈ ਆਖਰੀ ਓਵਰ ਵਿੱਚ 11 ਦੌੜਾਂ ਦੀ ਲੋੜ ਸੀ। ਪਹਿਲੀ ਗੇਂਦ ਵਿੱਚ ਰਾਸ਼ਿਦ ਨੇ ਤਿਵਾੜੀ ਦਾ ਕੈਚ ਛੱਡਿਆ ਤੇ ਗੇਂਦ ਚੌਕੇ ਲਈ ਚਲੀ ਗਈ। ਅਗਲੀਆਂ ਚਾਰ ਗੇਂਦਾਂ ਵਿੱਚ ਪੰਜ ਦੌੜਾਂ ਬਣੀਆਂ ਤੇ ਆਖਰੀ ਗੇਂਦ ’ਤੇ ਜਿੱਤ ਲਈ ਦੋ ਦੌੜਾਂ ਦੀ ਲੋੜ ਸੀ। ਧੋਨੀ ਨੇ ਚੌਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ।
 

 
Latest News
Magazine Archive