ਸੱਜਣ ਹੋਏ ਦਰਬਾਰ ਸਾਹਿਬ ਨਤਮਸਤਕ

ਸ਼੍ਰੋਮਣੀ ਕਮੇਟੀ ਵੱਲੋਂ ਹਰਜੀਤ ਸਿੰਘ ਸੱਜਣ ਨੂੰ ਕੌਮੀ ਸਨਮਾਨ;
ਹੈੱਡ ਗ੍ਰੰਥੀ ਨੇ ਦਿੱਤਾ ਸਿਰੋਪਾਓ
ਅੰਮ੍ਰਿਤਸਰ - ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਸਿੱਖ ਕੌਮ ਵੱਲੋਂ ਕੌਮੀ ਪੱਧਰ ਦਾ ਮਾਣ-ਸਨਮਾਨ ਦਿੱਤਾ। ਦੂਜੇ ਪਾਸੇ ਪੰਡਾਲ ਵਿੱਚ ਜਾਣੋਂ ਰੋਕਣ ਉਤੇ ਮਾਨ ਸਮਰਥਕਾਂ ਤੇ ਟਾਸਕ ਫੋਰਸ ਵਿਚਾਲੇ ਧੱਕਾਮੁੱਕੀ ਹੋਈ। ਮਗਰੋਂ ਰੱਖਿਆ ਮੰਤਰੀ ਨੇ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਸ਼ਾਖਾ ਦਾ ਦੌਰਾ ਕੀਤਾ।
ਸ੍ਰੀ ਸੱਜਣ ਤੇ ਉਨ੍ਹਾਂ ਨਾਲ ਆਏ ਹੋਰ ਅਧਿਕਾਰੀ ਅੱਜ ਸਵੇਰੇ ਲਗਪਗ 6 ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਹੋਰ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਸਮੇਤ ਅਧਿਕਾਰੀਆਂ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਸਰਕਾਰ ਵੱਲੋਂ ਕੋਈ ਨੁਮਾਇੰਦਾ ਹਾਜ਼ਰ ਨਹੀਂ ਸੀ। ਜਿਵੇਂ ਹੀ ਉਹ ਪਰਿਕਰਮਾ ਵਿੱਚ ਦਾਖ਼ਲ ਹੋਏ ਤਾਂ ਸੱਚਖੰਡ ਵਿੱਚ ਅਰਦਾਸ ਸ਼ੁਰੂ ਹੋ ਗਈ। ਰੱਖਿਆ ਮੰਤਰੀ ਨਿਮਾਣੇ ਸਿੱਖ ਵਜੋਂ ਪਰਿਕਰਮਾ ਵਿੱਚ ਹੀ ਖੜੇ ਰਹੇ ਅਤੇ ਮੁੱਖ ਵਾਕ ਮਗਰੋਂ ਮੱਥਾ ਟੇਕਣ ਲਈ ਰਵਾਨਾ ਹੋਏ। ਉਨ੍ਹਾਂ ਪਰਿਕਰਮਾ ਕੀਤੀ ਅਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ, ਜਿਥੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਤੇ ਦੇਸ਼ ਵੱਲੋਂ ਕੜਾਹ ਪ੍ਰਸਾਦਿ ਦੀ ਦੇਗ ਵੀ ਕਰਾਈ। ਕੁਝ ਸਮਾਂ ਕੀਰਤਨ ਸੁਣਨ ਮਗਰੋਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ। ਮਗਰੋਂ ਘੰਟਾ ਘਰ ਵਾਲੇ ਪਾਸੇ ਪ੍ਰਵੇਸ਼ ਦੁਆਰ ਪਲਾਜ਼ਾ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਵਿਸ਼ੇਸ਼ ਪੰਡਾਲ ਵਿੱਚ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੀ ਸਾਹਿਬ ਅਤੇ ਚਾਂਦੀ ਦੀ ਤਸ਼ਤਰੀ, ਲੋਈ, ਧਾਰਮਿਕ ਪੁਸਤਕਾਂ ਦਾ ਸੈੱਟ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਚਾਂਦੀ ਦੀ ਤਸ਼ਤਰੀ ਉਨ੍ਹਾਂ ਨੂੰ ਸਿੱਖ ਕੌਮ ਵੱਲੋਂ ਕੌਮੀ ਸਨਮਾਨ ਵਜੋਂ ਦਿੱਤੀ ਗਈ।
ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਸੰਖੇਪ ਸੰਬੋਧਨ ਦੌਰਾਨ ਰੱਖਿਆ ਮੰਤਰੀ ਨੂੰ ਜੀ ਆਇਆਂ ਆਖਿਆ। ਉਨ੍ਹਾਂ ਆਖਿਆ ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਦਾ ਰੱਖਿਆ ਮੰਤਰੀ ਬਣਨਾ ਸਮੁੱਚੀ ਸਿੱਖ ਕੌਮ ਲਈ ਫ਼ਖ਼ਰ ਵਾਲੀ ਗੱਲ ਹੈ। ਇਸ ਦੌਰਾਨ ਉਸ ਵੇਲੇ ਰੌਲਾ-ਰੱਪਾ ਸ਼ੁਰੂ ਹੋ ਗਿਆ, ਜਦੋਂ ਪੰਡਾਲ ਬਾਹਰ ਖੜੇ ਮਾਨ ਸਮਰਥਕਾਂ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਨੇ ਰੱਖਿਆ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਪੰਡਾਲ ਵਿੱਚ ਜਾਣ ਦਾ ਯਤਨ ਕੀਤਾ। ਉਨ੍ਹਾਂ ਨੂੰ ਉਥੇ ਤਾਇਨਾਤ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਦੌਰਾਨ ਤਕਰਾਰ ਸ਼ੁਰੂ ਹੋ ਗਈ ਅਤੇ ਧੱਕਾਮੁੱਕੀ ਵੀ ਹੋਈ। ਮਾਨ ਸਮਰਥਕਾਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ‘‘ਖਾਲਿਸਤਾਨ ਜਿੰਦਾਬਾਦ, ਭਿੰਡਰਾਂਵਾਲਾ ਜਿੰਦਾਬਾਦ ਅਤੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ’’ ਦੇ ਨਾਅਰੇ ਲਾਏ। ਉਹ ਪੰਡਾਲ ਵਿੱਚ ਵੀ  ਪੁੱਜ ਗਏ।
ਇਸ ਦੌਰਾਨ ਸਮਾਗਮ ਨੂੰ ਜਲਦੀ ਸਮੇਟਦਿਆਂ ਰੱਖਿਆ ਮੰਤਰੀ ਆਪਣੇ ਕਾਫਲੇ ਨਾਲ ਵਾਪਸ ਚਲੇ ਗਏ। ਮਾਨ ਸਮਰਥਕ ਆਗੂ ਜਰਨੈਲ ਸਿੰਘ ਸਖੀਰਾ ਨੇ ਦੋਸ਼ ਲਾਇਆ ਕਿ ਧੱਕਾਮੁੱਕੀ ਦੌਰਾਨ ਟਾਸਕ ਫੋਰਸ ਦੇ ਕਰਮਚਾਰੀ ਦੀ ਕਿਰਪਾਨ ਨਾਲ ਉਸ ਦੀ ਉਂਗਲੀ ਜ਼ਖ਼ਮੀ ਹੋਈ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਇਸ ਦੋਸ਼ ਨੂੰ ਰੱਦ ਕਰਦਿਆਂ ਆਖਿਆ ਕਿ ਟਾਸਕ ਫੋਰਸ ਦੇ ਕਿਸੇ ਵੀ ਕਰਮਚਾਰੀ ਕੋਲ ਕਿਰਪਾਨ ਨਹੀਂ ਸੀ। ਗਰਮ ਖਿਆਲੀ ਅਤੇ ਮਾਨ ਸਮਰਥਕਾਂ ਦੀ ਆਮਦ ਨੂੰ ਦੇਖਦਿਆਂ ਸਨਮਾਨ ਸਮਾਗਮ ਦਾ ਸਮਾਂ ਦੋ ਘੰਟੇ ਪਹਿਲਾਂ ਕਰ ਦਿੱਤਾ ਗਿਆ ਸੀ। ਪਹਿਲਾਂ ਰੱਖਿਆ ਮੰਤਰੀ ਨੇ ਸਵੇਰੇ ਅੱਠ ਵਜੇ ਹਰਿਮੰਦਰ ਸਾਹਿਬ ਪੁੱਜਣਾ ਸੀ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਇਸ ਗੱਲ ’ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਕਿ ਇਹ ਕਿਸੇ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰੱਖਿਆ ਮੰਤਰੀ ਕੋਲ ਸਿੱਖ ਪਛਾਣ ਜਾਂ ਹੋਰ ਸਮੱਸਿਆਵਾਂ ਨਹੀਂ ਰੱਖੀਆਂ ਗਈਆਂ। ਉਨ੍ਹਾਂ ਆਖਿਆ ਕਿ ਉਹ ਬਤੌਰ ਮਹਿਮਾਨ ਆਏ ਹਨ ਅਤੇ ਮਹਿਮਾਨ ਦਾ ਸਿਰਫ਼ ਸਵਾਗਤ ਹੀ ਕੀਤਾ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਰੱਖਿਆ ਮੰਤਰੀ ਨੇ ਯਾਤਰੂ ਪੁਸਤਿਕਾ ਵਿੱਚ ਲਿਖਿਆ ‘‘ਮੇਰੀ ਸਫ਼ਲਤਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ।’’
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਮੁੱਖ ਸਕੱਤਰ ਹਰਚਰਨ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਬੜਾ ਅਜੀਬ ਸਵਾਗਤ  ਹੋਇਆ ਮੇਰਾ…
ਹੁਸ਼ਿਆਰਪੁਰ - ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਸਵਾਗਤ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਬੰਬੇਲੀ ਵਿੱਚ ਰੱਖਿਆ ਸਮਾਗਮ ਅੱਜ ਸਰਕਾਰੀ ਲਾਪ੍ਰਵਾਹੀ ਅਤੇ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹ ਗਿਆ। ਰੱਖਿਆ ਮੰਤਰੀ ਸਮਾਗਮ ਵਿੱਚ ਸ਼ਾਮਲ ਹੋਏ ਬਿਨਾਂ ਆਪਣੇ ਜੱਦੀ ਘਰ ਚਲੇ ਗਏ।  ਸਖ਼ਤ ਗਰਮੀ ਦੇ ਬਾਵਜੂਦ ਮੁੱਖ ਮਹਿਮਾਨ ਨੂੰ  ਮੁੱਖ ਸੜਕ ਤੋਂ ਪਿੰਡ ਵਿੱਚ ਖੁੱਲ੍ਹੀ ਜੀਪ ਵਿੱਚ ਲਿਆਂਦਾ ਗਿਆ। ਸਮਾਗਮ ਵਾਲੀ ਥਾਂ ਤੱਕ ਪੁੱਜਣ ਵਿੱਚ ਹੀ ਕਾਫ਼ਲੇ ਨੂੰ ਲਗਪਗ ਇਕ ਘੰਟਾ ਲੱਗ ਗਿਆ। ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੜ੍ਹਸ਼ੰਕਰ ਦੇ ਐਸਡੀਐਮ ਅਤੇ ਡੀਐਸਪੀ ਪੁੱਜੇ ਹੋਏ ਸਨ ਪਰ ਭੀੜ ਨੂੰ ਕਾਬੂ ਕਰਨ ਦਾ ਕੋਈ ਇੰਤਜ਼ਾਮ ਨਹੀਂ ਸੀ। ਸੈਂਕੜੇ ਦੀ ਤਦਾਦ ਵਿੱਚ ਜੁੜੇ ਲੋਕ ਸ੍ਰੀ ਸੱਜਣ ਨਾਲ ਹੱਥ ਮਿਲਾਉਣ, ਗੁਲਦਸਤੇ ਭੇਟ ਕਰਨ ਜਾਂ ਸੈਲਫੀਆਂ ਖਿੱਚਣ ਵਿੱਚ ਲੱਗੇ ਰਹੇ। ਉਨ੍ਹਾਂ ਦਾ ਸਵਾਗਤ ਬੈਂਡ ਵਾਜਿਆਂ, ਭੰਗੜੇ ਅਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਪਰ ਮਾੜੇ ਪ੍ਰਬੰਧਾਂ ਨੇ ਇਨ੍ਹਾਂ ਸਭ ’ਤੇ ਪਾਣੀ ਫੇਰ ਦਿੱਤਾ। ਸ੍ਰੀ ਸੱਜਣ ਅਤੇ ਉਨ੍ਹਾਂ ਦੇ ਸਾਥੀ ਜਿਵੇਂ ਕਿਵੇਂ ਭੀੜ ਵਿੱਚੋਂ ਨਿਕਲ ਕੇ ਗੁਰਦੁਆਰੇ ਤੱਕ ਪੁੱਜੇ ਅਤੇ ਮੱਥਾ ਟੇਕਿਆ ਪਰ ਨਾਲ ਹੀ ਬਣੇ ਕਮਿਊਨਿਟੀ ਹਾਲ ਵਿੱਚ ਰੱਖੇ ਸਮਾਗਮ ਵਿੱਚ ਜਾਣ ਦੀ ਬਜਾਏ ਰੱਖਿਆ ਮੰਤਰੀ ਆਪਣੇ ਘਰ ਚਲੇ ਗਏ। ਸਟੇਜ ਤੋਂ ਉਨ੍ਹਾਂ ਦੇ ਆਉਣ ਦੀ ਅਨਾਊਂਸਮੈਂਟ ਹੁੰਦੀ ਰਹੀ ਪਰ ਉਨ੍ਹਾਂ ਨੇ ਉਥੇ ਜਾਣਾ ਠੀਕ ਨਾ ਸਮਝਿਆ। ਆਖਰਕਾਰ ਆਏ ਲੋਕਾਂ ਅਤੇ ਮੀਡੀਆ ਨੂੰ ਨਿਰਾਸ਼ ਪਰਤਣਾ ਪਿਆ।
ਸ੍ਰੀ ਸੱਜਣ ਦਾ ਸਮਾਗਮ ਵਿੱਚ ਨਾ ਆਉਣ ਦਾ ਇਕ ਹੋਰ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮੌਕੇ ’ਤੇ ਕੁੱਝ ਗਰਮ ਖਿਆਲੀ ਆਗੂ ਵੀ ਪੁੱਜੇ ਹੋਏ ਸਨ। ਹਾਲਾਂਕਿ ਪ੍ਰਬੰਧਕਾਂ ਨੇ ਇਨ੍ਹਾਂ ਨੂੰ ਸੁਨੇਹਾ ਨਹੀਂ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਹ ਸ੍ਰੀ ਸੱਜਣ ਨੂੰ ਮਿਲਣ ਲਈ ਪੁੱਜ ਗਏ। ਸਾਬਕਾ ਖਾੜਕੂ ਵੱਸਣ ਸਿੰਘ ਜੱਫਰਵਾਲ, ਭਾਈ ਮੋਹਕਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਕਈ ਨਿਹੰਗ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ’ਤੇ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਸੀ ਪਰ ਹਾਲਾਤ ਨੇ ਇਸ ਦੀ ਆਗਿਆ ਨਹੀਂ ਦਿੱਤੀ।
ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਸ੍ਰੀ ਸੱਜਣ ਦੇ ਸਵਾਗਤ ਲਈ ਨਹੀਂ ਆਇਆ। ਸਾਬਕਾ ਵਿਧਾਇਕ ਸੋਹਣ ਸਿੰਘ ਠੰਡਲ ਜ਼ਰੂਰ ਪੁੱਜੇ। ਖ਼ੁਫ਼ੀਆ ਏਜੰਸੀਆਂ ਦੇ ਕਰਮਚਾਰੀ ਵੀ ਭਾਰੀ ਗਿਣਤੀ ਵਿੱਚ ਪਿੰਡ ਵਿੱਚ ਮੌਜੂਦ ਸਨ। ਮੀਡੀਆ ਅਤੇ ਹੋਰ ਮੋਹਤਬਰਾਂ ਨੇ     ਸ੍ਰੀ ਸੱਜਣ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।

 

 

fbbg-image

Latest News
Magazine Archive