ਹੈਦਰਾਬਾਦ ਨੇ ਦਿੱਲੀ ਨੂੰ 15 ਦੌੜਾਂ ਨਾਲ ਦਿੱਤੀ ਮਾਤ

ਸਨਰਾਈਜ਼ਰਜ਼ ਲਈ ਧਵਨ ਨੇ 50 ਗੇਂਦਾਂ ਵਿੱਚ 70 ਅਤੇ ਵਿਲੀਅਮਸਨ ਨੇ 51 ਗੇਂਦਾਂ ਵਿੱਚ ਬਣਾਈਆਂ 89 ਦੌੜਾਂ
ਹੈਦਰਾਬਾਦ - ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇਥੇ ਆਈਪੀਐਲ ਦੇ ਇਕ ਰੁਮਾਂਚਕ ਮੈਚ ਵਿੱਚ ਦਿੱਲੀ ਡੇਅਰਡੈਵਿਲਜ਼ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਮੇਜ਼ਬਾਨ ਸਨਰਾਈਜ਼ਰਜ਼ ਵੱਲੋਂ ਜਿੱਤਣ ਲਈ ਦਿੱਤੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ ਮਿਥੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 176 ਦੌੜਾਂ ਹੀ ਬਣਾ ਸਕੀ। ਆਖ਼ਰੀ ਓਵਰ ਵਿੱਚ ਦਿੱਲੀ ਨੂੰ ਜਿੱਤਣ ਲਈ 24 ਦੌੜਾਂ ਦੀ ਲੋੜ ਸੀ ਪਰ ਇਸ ਦੇ ਬੱਲੇਬਾਜ਼ ਅੱਠ ਦੌੜਾਂ ਹੀ ਬਣਾ ਸਕੇ ਤੇ ਉਨ੍ਹਾਂ ਐਂਜਲੋ ਮੈਥਿਊਜ਼ (23 ਗੇਂਦਾਂ ਵਿੱਚ 31 ਦੌੜਾਂ) ਦੀ ਵਿਕਟ ਵੀ ਗੁਆ ਲਈ, ਜਿਸ ਨੂੰ ਸਿਧਾਰਥ ਕੌਲ ਦੀ ਗੇਂਦ ’ਤੇ ਬਦਲਵੇਂ ਖਿਡਾਰੀ ਕ੍ਰਿਸ ਜੌਰਡਨ ਨੇ ਕੈਚ ਕੀਤਾ।
ਇੱਥੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਦਿੱਲੀ ਲਈ ਸ਼੍ਰੇਯਾਸ ਆਇਰ ਨੇ 31 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਦੋ ਛੱਕਿਆਂ ਨਾਲ ਨਾਬਾਦ 50 ਦੌੜਾਂ ਦਾ ਯੋਗਦਾਨ ਪਾਇਆ, ਜਦੋਂਕਿ ਸੰਜੂ ਸੈਮਸਨ ਨੇ 33 ਗੇਂਦਾਂ ਵਿੱਚ 42 ਤੇ ਕਰੁਨ ਨਾਇਰ ਨੇ 23 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਰਿਸ਼ਭ ਪੰਤ ਨੂੰ ਯੁਵਰਾਜ ਸਿੰਘ ਨੇ ਸਿਫ਼ਰ ’ਤੇ ਵਾਰਨਰ ਹੱਥੋਂ ਕੈਚ ਕਰਵਾਇਆ। ਹੈਦਰਾਬਾਦ ਲਈ ਮੁਹੰਮਦ ਸਿਰਾਜ ਨੇ ਦੋ ਅਤੇ ਸਿਧਾਰਥ ਕੌਲ ਤੇ ਯੁਵਰਾਜ ਸਿੰਘ ਨੇ ਇਕ-ਇਕ ਵਿਕਟ ਝਟਕਾਈ, ਜਦੋਂਕਿ ਕਰੁਨ ਨਾਇਰ ਰਨ ਆਊਟ ਹੋਇਆ।
ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ  ਚਾਰ ਵਿਕਟਾਂ ਦੇ ਨੁਕਸਾਨ ’ਤੇ 191 ਦੌੜਾਂ ਬਣਾਈਆਂ। ਘਰੇਲੂ ਟੀਮ ਦੀ ਪਾਰੀ ਸ਼ੁਰੂਆਤ ਵਿੱਚ ਥੋੜੀ ਡਾਵਾਂਡੋਲ ਹੋਈ ਤੇ ਕਪਤਾਨ ਡੇਵਿਡ ਵਾਰਨਰ ਸੱਤ ਗੇਂਦਾਂ ਵਿੱਚ ਮਹਿਜ਼ 4 ਦੌੜਾਂ ਬਣਾ ਕੇ ਕ੍ਰਿਸ ਮੌਰਿਸ ਦੇ ਦੂਜੇ ਓਵਰ ਦੀ ਆਖ਼ਰੀ ਗੇਂਦ ’ਤੇ ਏ. ਮਿਸ਼ਰਾ ਹੱਥੋਂ ਕੈਚ ਆਊਟ ਹੋ ਗਿਆ। ਉਸ ਤੋਂ ਬਾਅਦ ਕਰੀਜ਼ ’ਤੇ ਆਏ ਕੇਨ ਵਿਲੀਅਮਸਨ ਨੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਾਲ ਮਜ਼ਬੂਤ ਭਾਈਵਾਲੀ ਕਰਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਇਆ। ਦਿੱਲੀ ਡੇਅਰਡੈਵਿਲਜ਼ ਵੱਲੋਂ ਮੌਰਿਸ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਵਿਰੋਧੀ ਟੀਮ ਦੀਆਂ ਚਾਰ ਦੀਆਂ ਚਾਰ ਵਿਕਟਾਂ ਉਸੇ ਨੇ ਹੀ ਝਟਕਾਈਆਂ। ਉਸ ਨੇ ਚਾਰ ਓਵਰਾਂ ਵਿੱਚ 26 ਦੌੜਾਂ ਦਿੱਤੀਆਂ।
 

 

 

fbbg-image

Latest News
Magazine Archive