ਦੇਸ਼ ਭਰ ਵਿੱਚ ਮੌਨਸੂਨ ਆਮ ਵਾਂਗ ਰਹਿਣ ਦੀ ਪੇਸ਼ੀਨਗੋਈ

ਨਵੀਂ ਦਿੱਲੀ/ਮੁੰਬਈ - ਮੌਸਮ ਵਿਭਾਗ ਨੇ ਇਸ ਸਾਲ ਦੱਖਣ ਪੱਛਮੀ ਮੌਨਸੂਨ ਦੇ ‘ਆਮ’ ਵਾਂਗ ਰਹਿਣ ਦੀ ਪੇਸ਼ੀਨਗੋਈ ਕਰਦਿਆਂ ਪੂਰੇ ਮੁਲਕ ਵਿੱਚ ਚੰਗੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉਂਜ ਇਸ ਖ਼ਬਰ ਨੂੰ ਕਿਸਾਨ ਭਾਈਚਾਰੇ ਤੇ ਅਰਥਚਾਰੇ ਲਈ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਜੇ. ਰਮੇਸ਼ ਨੇ ਕਿਹਾ ਕਿ ਇਸ ਸਾਲ ਮੌਨਸੂਨ ਦੌਰਾਨ 96 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਨਸੂਨ ਲੌਂਗ ਪੀਰੀਅਡ ਔਸਤ (ਐਲਪੀਏ) ਦਾ 96 ਤੋਂ 104 ਫੀਸਦ ਵਿਚਾਲੇ ਰਹਿੰਦੀ ਹੈ ਤਾਂ ਇਸ ਨੂੰ ‘ਸਾਧਾਰਨ’ ਜਦਕਿ 104 ਤੋਂ 110 ਫੀਸਦ ਰਹਿਣ ’ਤੇ ਇਸ ਨੂੰ ‘ਆਮ ਨਾਲੋਂ ਵੱਧ’ ਮੰਨਿਆ ਜਾਂਦਾ ਹੈ। 96 ਫੀਸਦ ਤੋਂ ਹੇਠਾਂ ਦੇ ਅੰਕੜੇ ਨੂੰ ਖ਼ਰਾਬ ਮੌਨਸੂਨ ਦੀ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ। ਇਸ ਦੌਰਾਨ ਐਸਬੀਆਈ ਇਕ ਘੋਖ ਰਿਪੋਰਟ ਮੁਤਾਬਕ ਇਸ ਸਾਲ ਮੌਨਸੂਨ ਆਮ ਰਹਿੰਦਾ ਹੈ ਤਾਂ ਖੇਤੀ ਖੇਤਰ ਵਿੱਚ ਜੀਡੀਪੀ ਦੀ ਵਿਕਾਸ ਦਰ 3 ਤੋਂ 4 ਫੀਸਦ ਦਰਮਿਆਨ ਰਹੇਗੀ, ਜੋ ਕਿ 2016-17 ਦੇ ਮੁਕਾਬਲੇ ਕਾਫ਼ੀ ਘੱਟ ਹੈ।
ਵੈਸਾਖ਼ ’ਚ ਹੀ ਅਸਮਾਨੋਂ ਅੰਗਿਆਰ ਡਿੱਗਣ ਲੱਗੇ
ਚੰਡੀਗੜ੍ਹ - ਵੈਸਾਖ਼  ਦੇ ਸ਼ੁਰੂ  ਵਿੱਚ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਅਪਰੈਲ ਦਾ ਅੱਧ ਟੱਪਦਿਆਂ ਹੀ ਸੂਰਜ ਜੇਠ ਹਾੜ ਦੀ ਤਰ੍ਹਾਂ ਤਪਣ ਲੱਗਾ ਅਤੇ ਪਾਰਾ 45.5 ਡਿਗਰੀ ਨੂੰ ਜਾ ਪੁੱਜਾ ਹੈ। ਸਾਲ 2010 ਤੋਂ ਬਾਅਦ ਅਪਰੈਲ ਮਹੀਨੇ ਦੌਰਾਨ ਏਨੀ ਗਰਮੀ ਕਦੇ ਨਹੀਂ ਪਈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਦੌਰਾਨ ਮੌਸਮ ਸਾਫ਼ ਰਹਿਣ ਅਤੇ 21 ਤੇ 22 ਅਪਰੈਲ ਨੂੰ  ਤੇਜ਼ ਹਵਾ ਵਗਣ ਅਤੇ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਪੰਜਾਬ ਵਿੱਚ ਫ਼ਿਰੋਜ਼ਪੁਰ ਅਤੇ ਬਠਿੰਡਾ ਦੂਜੇ ਸ਼ਹਿਰਾਂ ਨਾਲੋਂ  ਵਧੇਰੇ ਤਪ ਰਹੇ ਹਨ। ਫ਼ਿਰੋਜ਼ਪੁਰ ਤੇ ਬਠਿੰਡਾ ’ਚ ਅੱਜ ਦਿਨ ਦਾ ਤਾਪਮਾਨ ਕ੍ਰਮਵਾਰ 44.5 ਤੇ 44.2 ਡਿਗਰੀ ਰਿਹਾ। ਰਾਜਧਾਨੀ ਚੰਡੀਗੜ੍ਹ ਵਿੱਚ ਤਾਪਮਾਨ 43.6 ਡਿਗਰੀ ਨੋਟ ਕੀਤਾ ਗਿਆ। ਮੌਸਮ ਵਿਗਿਆਨੀ ਡਾਕਟਰ ਕੇ. ਕੇ. ਗਿੱਲ ਦਾ ਕਹਿਣਾ ਹੈ ਕਿ ਅਪਰੈਲ ਵਿੱਚ ਉਪਰਲਾ ਤਾਪਮਾਨ 35 ਜਦਕਿ ਰਾਤ ਦਾ ਪਾਰਾ 17 ਡਿਗਰੀ ਦੇ ਆਸਪਾਸ ਰਹਿਣਾ ਚਾਹੀਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ 20 ਤੇ 21 ਅਪਰੈਲ ਨੂੰ ਮੌਸਮ ਦੇ ਵਿਗੜਨ ਦੇ ਆਸਾਰ ਹਨ। ਦੋ ਦਿਨਾਂ ਲਈ ਬੱਦਲਵਾਈ ਰਹੇਗੀ, ਪਰ ਨਾਲ ਹੀ ਹਲਕੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ।

 

 

fbbg-image

Latest News
Magazine Archive