ਰਾਇਲ ਚੈਲੇਂਜਰਜ਼ ਬੰਗਲੌਰ ਨੇ ਢਾਹੇ ਗੁਜਰਾਤੀ ਸ਼ੇਰ

ਰਾਜਕੋਟ - ਆਈਪੀਐਲ ਦੇ ਇਥੇ ਖੇਡੇ ਗਏ ਇਕ ਮੈਚ ਦੌਰਾਨ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਨੇ ਮੇਜ਼ਬਾਨ ਗੁਜਰਾਤ ਲਾਇਨਜ਼ ਨੂੰ 21 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ। ਰਾਇਲ ਚੈਲੇਂਜਰਜ਼ ਵੱਲੋਂ ਜਿੱਤਣ ਲਈ ਦਿੱਤੇ 214 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਲਾਇਨਜ਼ ਦੀ ਟੀਮ ਮਿਥੇ 20 ਓਵਰਾਂ ਵਿੱਚ 7 ਵਿਕਟਾਂ ਉਤੇ 192 ਦੌੜਾਂ ਹੀ ਬਣਾ ਸਕੀ।
ਗੁਜਰਾਤ ਲਈ ਬਰੈਂਡਨ ਮੈਕੁਲਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 44 ਗੇਂਦਾਂ ਵਿੱਚ 2 ਚੌਕੇ ਤੇ 7 ਛੱਕੇ ਜੜਦਿਆਂ 72 ਦੌੜਾਂ ਬਣਾਈਆਂ, ਜਦੋਂਕਿ ਇਸ਼ਾਨ ਕਿਸ਼ਨ ਨੇ 39 ਅਤੇ ਕਪਤਾਨ ਸੁਰੇਸ਼ ਰੈਣਾ ਤੇ ਰਵਿੰਦਰ ਜਡੇਜਾ ਨੇ 23-23 ਦੌੜਾਂ ਦਾ ਯੋਗਦਾਨ ਦਿੱਤਾ ਪਰ ਤਾਂ ਵੀ ਟੀਮ ਜਿੱਤ ਦੇ ਕਰੀਬ ਤੱਕ ਨਾ ਪੁੱਜ ਸਕੀ। ਜੇਤੂ ਟੀਮ ਲਈ ਯੁਜ਼ਵੇਂਦਰ ਚਾਹਲ ਨੇ ਵਧੀਆ ਗੇਂਦਬਾਜ਼ੀ ਕਰਦਿਆਂ 31 ਦੌੜਾਂ ਦੇਕ ਕੇ 3 ਵਿਕਟਾਂ ਝਟਕਾਈਆਂ, ਜਦੋਂਕਿ ਪਵਨ ਨੇਗੀ, ਸ੍ਰੀਨਾਥ ਅਰਵਿੰਦ ਤੇ ਐਡਮ ਮਿਲਾਇਨ ਨੂੰ ਇਕ-ਇਕ ਵਿਕਟ ਮਿਲੀ। ਜਡੇਜਾ ਰਨ ਆਊਟ ਹੋਇਆ।
ਇਸ ਤੋਂ ਪਹਿਲਾਂ ਟੀ-20 ਕ੍ਰਿਕਟ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣੇ ਕ੍ਰਿਸ ਗੇਲ ਅਤੇ ਕਪਤਾਨ ਵਿਰਾਟ ਕੋਹਲੀ ਦੇ ਨੀਮ ਸੈਂਕੜਿਆਂ ਦੀ ਜ਼ਬਰਦਸਤ ਸ਼ੁਰੂਆਤ ਸਦਕਾ ਰਾਇਲ ਚੈਲੇਂਜਰਜ਼ ਬੰਗਲੌਰ ਨੇ 2 ਵਿਕਟਾਂ ਦੇ ਨੁਕਸਾਨ ’ਤੇ 213 ਦੌੜਾਂ ਦਾ ਵੱਡਾ ਸਕੋਰ ਬਣਾਇਆ। ਗੇਲ ਨੇ 38 ਗੇਂਦਾਂ ’ਤੇ ਪੰਜ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ ਅਤੇ ਕੋਹਲੀ ਨੇ 50 ਗੇਂਦਾਂ ’ਤੇ 64 ਦੌੜਾਂ ਨਾਲ ਪਹਿਲੀ ਵਿਕਟ ਲਈ 12.4 ਓਵਰਾਂ ਵਿਚ 122 ਦੌੜਾਂ ਬਣਾ ਕੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਦੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਨ੍ਹਾਂ ਦੋਨਾਂ ਦੇ ਆਊਟ ਹੋਣ ਤੋਂ ਬਾਅਦ ਟਰੇਵਿਸ ਹੈਡ ਨੇ 16 ਗੇਂਦਾਂ ’ਤੇ ਨਾਬਾਦ 30 ਅਤੇ ਕੇਦਾਰ ਜਾਧਵ ਨੇ 16 ਗੇਂਦਾਂ ’ਤੇ ਨਾਬਾਦ 38 ਦੌੜਾਂ ਬਣਾਈਆਂ ਅਤੇ ਤੀਜੀ ਵਿਕਟ ਲਈ 25 ਗੇਂਦਾਂ ’ਤੇ 54 ਦੌੜਾਂ ਦੀ ਭਾਈਵਾਲੀ ਕੀਤੀ।
ਆਰਸੀਬੀ ਦੇ ਬੱਲੇਬਾਜ਼ਾਂ ਦੇ ਸਾਹਮਣੇ ਲਾਇਨਜ਼ ਦੇ ਗੇਂਦਬਾਜ਼ ਆਪਣਾ ਦਮ ਦਿਖਾਉਣ ਵਿੱਚ ਨਾਕਾਮ ਰਹੇ। ਰਵਿੰਦਰ ਜਡੇਜਾ ਸਭ ਤੋਂ ਮਹਿੰਗਾ ਗੇਂਦਬਾਜ਼ ਸਾਬਤ ਹੋਇਆ। ਉਸ ਨੇ ਚਾਰ ਓਵਰਾਂ ਵਿੱਚ 57 ਦੌੜਾਂ ਦਿੱਤੀਆਂ।  ਬਾਸਿਲ ਥੰਪੀ ਨੇ 31 ਦੌੜਾਂ ਦੇ ਕੇ ਇਕ ਅਤੇ ਧਵਲ ਕੁਲਕਰਨੀ ਨੇ 37 ਦੌੜਾਂ ਦੇ ਕੇ ਇਕ ਵਿਕਟ ਲਈ।  

 

Latest News
Magazine Archive