ਸੰਗਰੂਰ ਰਿਸ਼ਵਤ ਕਾਂਡ: ਸੀਨੀਅਰ ਪੁਲੀਸ ਅਫ਼ਸਰਾਂ ਵਿੱਚ ਬੇਚੈਨੀ

ਚੰਡੀਗੜ੍ਹ - ਪੰਜਾਬ ਦੇ ਇੱਕ ਆਈਏਐਸ ਅਫ਼ਸਰ ਸਮੇਤ ਅੱਧੀ ਦਰਜਨ ਦੇ ਕਰੀਬ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਨਾਮ ਸੰਗਰੂਰ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਕਈ ਸੀਨੀਅਰ ਪੁਲੀਸ ਅਧਿਕਾਰੀਆਂ ਵਿੱਚ ਬੇਚੈਨੀ ਪੈਦਾ ਹੋ ਗਈ ਹੈ। ਸੂਤਰਾਂ ਅਨੁਸਾਰ ਸੰਗਰੂਰ ਪੁਲੀਸ ਵੱਲੋਂ ਪਿਛਲੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੀ ਕਮਾਈ ਦਾ ਹਿੱਸਾ ਵੱਡੇ ਅਫ਼ਸਰਾਂ ਨੂੰ ਵੀ ‘ਮਦਦ’ ਦੇ ਰੂਪ ਵਿੱਚ ਦਿੱਤਾ ਗਿਆ ਸੀ। ਇਹ ਮਾਮਲਾ ਚਰਚਾ ’ਚ ਆਉਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਆਪਣੇ ਬਚਾਅ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਸੰਗਰੂਰ ਦੇ ਭ੍ਰਿਸ਼ਟਾਚਾਰ ਮਾਮਲੇ ਅਤੇ ਅਫ਼ਸਰਾਂ ਦੀ ਸ਼ਮੂਲੀਅਤ ਅਤੇ ‘ਹਿੱਸੇ’ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪੂਰੀ ਜਾਣਕਾਰੀ ਪਹੁੰਚ ਗਈ ਹੈ। ਇਸ ਕਰਕੇ ਸਰਕਾਰ ਸੰਗਰੂਰ ਦੇ ਮਾਮਲੇ ’ਤੇ ਗੰਭੀਰ ਹੈ ਜਦੋਂ ਕਿ ਪੁਲੀਸ ਦੇ ਕਈ ਅਧਿਕਾਰੀਆਂ ਵੱਲੋਂ ਇਸ ’ਤੇ ਪਰਦਾ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਵੱਲੋਂ ਦਿੱਤੇ ਵਿਜੀਲੈਂਸ ਜਾਂਚ ਦੇ ਆਦੇਸ਼ਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਆਈਜੀ ਸ਼ਿਵ ਕੁਮਾਰ ਵਰਮਾ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਸ੍ਰੀ ਵਰਮਾ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਸਮੇਤ ਪੀੜਤ ਵਿਅਕਤੀਆਂ ਦੇ ਮੋਬਾਈਲ ਫੋਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮੋਬਾਈਲ ਫੋਨ ਦੀਆਂ ਕਾਲਾਂ ਅਤੇ ਲੋਕੇਸ਼ਨਾਂ ਵੀ ਕਈ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਬੇਪਰਦ ਕਰਨ ਦਾ ਅਧਾਰ ਬਣਨਗੀਆਂ। ਪੁਲੀਸ ਸੂਤਰਾਂ ਅਨੁਸਾਰ ਸੰਗਰੂਰ ਜ਼ਿਲ੍ਹੇ ’ਚ ਤਾਇਨਾਤ ਐਸ.ਐਚ.ਓ. ਪੱਧਰ ਦੇ ਪੁਲੀਸ ਅਫ਼ਸਰਾਂ ਨੇ ਇਸ ਰਿਸ਼ਵਤ ਕਾਂਡ ਦੀਆਂ ਪਰਤਾਂ ਖੋਲ੍ਹਦਿਆਂ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਲੌਂਗੋਵਾਲ ਕਾਂਡ ਦੀ ‘ਕਮਾਈ’ ਦਾ ਹਿੱਸਾ ਚੰਡੀਗੜ੍ਹ ਤੱਕ ਦੇ ਅਧਿਕਾਰੀਆਂ ਨੂੰ ਵੰਡਿਆ ਗਿਆ ਸੀ। ਪੰਜਾਬ ਪੁਲੀਸ ਦੇ ਮੁੱਖ ਦਫ਼ਤਰ ’ਤੇ ਇਸ ਕਾਂਡ ਦੀ ਭਰਵੀਂ ਚਰਚਾ ਹੋ ਰਹੀ ਹੈ ਤੇ ਹਿੱਸਾ ਵੰਡਾਉਣ ਵਾਲੇ ਅਫ਼ਸਰਾਂ ਦੇ ਨਾਮ ਵੀ ਸਾਹਮਣੇ ਆਉਣ ਲੱਗੇ ਹਨ। ਇਹ ਚਰਚਾ ਵੀ ਭਾਰੂ ਹੈ ਕਿ ਕਈ ਅਧਿਕਾਰੀਆਂ ’ਤੇ ਕਾਰਵਾਈ ਦੇ ਬੱਦਲ ਮੰਡਰਾਉਣ ਲੱਗੇ ਹਨ। ਸੰਗਰੂਰ ਦੇ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਇਸ ਕਾਂਡ ਨੂੰ ਭਾਵੇਂ ਬੇਪਰਦ ਕਰ ਦਿੱਤਾ ਹੈ ਪਰ ਇਹ ਵੀ ਸਾਹਮਣੇ ਆਇਆ ਹੈ ਕਿ ਸੀਨੀਅਰ ਪੁਲੀਸ ਅਫ਼ਸਰਾਂ ਵੱਲੋਂ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਦੀ ਸ਼ਮੂਲੀਅਤ ਕਾਰਨ ਕੈਪਟਨ ਸਰਕਾਰ ਲਈ ਸੰਗਰੂਰ ਰਿਸ਼ਵਤ ਕਾਂਡ ਵੱਕਾਰ ਦਾ ਸਵਾਲ ਬਣ ਗਿਆ ਹੈ।
ਆਈ.ਜੀ. ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਸੰਗਰੂਰ - ਸੰਗਰੂਰ ਦੇ ਤਤਕਾਲੀ ਜ਼ਿਲ੍ਹਾ ਪੁਲੀਸ ਮੁਖੀ ਇੰਦਰਬੀਰ ਸਿੰਘ ਸਣੇ ਪੰਜ ਪੁਲੀਸ ਅਧਿਕਾਰੀਆਂ ਵਲੋਂ ਲੌਗੋਵਾਲ ਦੇ ਫਾਇਨਾਂਸਰ ਕਤਲ ਕੇਸ ਦੀ ਜਾਂਚ ਦੌਰਾਨ ਦੋ ਗਰੀਬ ਕਿਸਾਨਾਂ ਨੂੰ ਕਥਿਤ ਤੌਰ ’ਤੇ ਨਜਾਇਜ਼ ਪੁਲੀਸ ਹਿਰਾਸਤ ਵਿਚ ਰੱਖਣ ਅਤੇ ਲੱਖਾਂ ਰੁਪਏ ਰਿਸ਼ਵਤ ਹੜੱਪਣ ਦੇ ਸਾਹਮਣੇ ਆਏ ਚਰਚਿਤ ਮਾਮਲੇ ਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈ.ਜੀ. ਸ਼ਿਵ ਕੁਮਾਰ ਵਰਮਾ ਨੇ ਇਸ ਮਾਮਲੇ ਵਿੱਚ ਜਿਥੇ ਦੋਵੇਂ ਪੀੜਤ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦਾ ਪੱਖ ਜਾਣਿਆ, ਉਥੇ ਜਾਂਚ ’ਚ ਸ਼ਾਮਲ ਹੋਣ ਲਈ ਬੁਲਾਏ ਗਏ ਚਾਰ ਪੁਲੀਸ ਅਧਿਕਾਰੀ ਅੱਜ ਉਨ੍ਹਾਂ ਅੱਗੇ ਪੇਸ਼ ਨਹੀਂ ਹੋਏ। ਆਈ.ਜੀ. ਨੇ ਅਜੀਤ ਨਗਰ ਪੁਲੀਸ ਚੌਕੀ ਦਾ ਵੀ ਦੌਰਾ ਕੀਤਾ, ਜਿਥੇ ਕਿਸਾਨ ਧਨਵੰਤ ਸਿੰਘ ਨੂੰ ਕਈ ਦਿਨ ਕਥਿਤ ਗੈਰਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਸੀ। ਦੋਵੇਂ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਆਈ ਜੀ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਇਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੇ ਫੋਨ ਵੀ ਵਾਪਸ ਮਿਲ ਗਏ ਹਨ ਜੋ ਹਿਰਾਸਤ ਦੌਰਾਨ ਪੁਲੀਸ ਨੇ ਆਪਣੇ ਕੋਲ ਰੱਖ ਲਏ ਸੀ ।

 

 

fbbg-image

Latest News
Magazine Archive