ਪੰਜਾਬ ’ਚ ਸੜਕ ਹਾਦਸਿਆਂ ਨੇ ਲਈਆਂ 9 ਜਾਨਾਂ

ਜੰਡਿਆਲਾ ਗੁਰੂ - ਨੇੜਲੇ ਪਿੰਡ ਦਸਮੇਸ਼ ਨਗਰ ਵਿੱਚ ਬਾਅਦ ਦੁਪਹਿਰ ਤਿੰਨ ਵਜੇ ਅੱਡਾ ਖਜਾਲਾ ਤੋਂ ਜੰਡਿਆਲਾ ਗੁਰੂ ਜਾਂਦੀ ਸੜਕ ਉਪਰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਬੱਚਿਆਂ ਸਣੇ ਛੇ ਜਾਣਿਆਂ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਬੋਲੇਰੋ ਗੱਡੀ ਦੀ ਲਪੇਟ ਵਿੱਚ ਆ ਕੇ ਮਰਨ ਵਾਲੇ ਬੱਚਿਆਂ ਵਿੱਚ ਦੋ ਸਕੇ ਭਰਾ ਵੀ ਸਨ। ਸੜਕ ਕੰਢੇ ਛੋਲੇ-ਕੁਲਚੇ ਤੇ ਕੁਲਫੀਆਂ ਵੇਚਣ ਵਾਲੇ ਦੋ ਮਜ਼ਦੂਰਾਂ ਦੀ ਵੀ ਜਾਨ ਜਾਂਦੀ ਰਹੀ।
ਮਿਲੇ ਵੇਰਵਿਆਂ ਅਨੁਸਾਰ ਹਾਦਸਾ ਉਦੋਂ ਵਾਪਰਿਆ ਜਦੋਂ ਬਹੁਤ ਹੀ ਤੇਜ਼ ਰਫ਼ਤਾਰ ਬੋਲੇਰੋ ਜੀਪ (ਪੀਬੀ 02 ਸੀਆਰ 2889) ਦੋਹਾਂ ਰੇਹੜੀ ਵਾਲਿਆਂ ਅਤੇ ਉਥੇ ਖੜ੍ਹੇ ਬੱਚਿਆਂ ਨੂੰ ਦਰੜਦੀ ਹੋਈ ਨੇੜਲੇ ਘਰ ਦੀ ਕੰਧ ਨਾਲ ਜਾ ਟਕਰਾਈ। ਹਾਦਸੇ ਵੇਲੇ ਬੱਚੇ ਉਥੇ ਖੇਡ ਰਹੇ ਸਨ। ਮਰਨ ਵਾਲਿਆਂ ਦੀ ਪਛਾਣ ਗੁਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਦੋਵੇਂ ਪੁੱਤਰ ਮੇਜਰ ਸਿੰਘ (ਸਕੇ ਭਰਾ, ਜੋ ਤਿੰਨ ਭੈਣਾਂ ਦੇ ਭਰਾ ਸਨ), ਜੋਬਨਜੀਤ ਸਿੰਘ (10) ਪੁੱਤਰ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ (11) ਪੁੱਤਰ ਅਨੋਖ ਸਿੰਘ ਤੇ ਕੁਲਫੀ ਵੇਚਣ ਵਾਲੇ ਰਮੇਸ਼ ਕੁਮਾਰ ਪੁੱਤਰ ਰਾਮ ਦਾਸ ਵਾਸੀ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਕੁਲਚਿਆਂ ਵਾਲੇ ਦੀ ਪਛਾਣ ਨਹੀਂ ਸੀ ਹੋ ਸਕੀ। ਜੋਤੀ ਨਾਮੀ ਲੜਕੀ ਸਖ਼ਤ ਜ਼ਖ਼ਮੀ ਹੈ।
ਬੋਲੇਰੋੋ ਚਾਲਕ ਦੀ ਸ਼ਨਾਖਤ ਹਰਭਜਨ ਸਿੰਘ ਵਾਸੀ ਅੰਨਗੜ੍ਹ ਵਜੋਂ ਹੋਈ ਹੈ, ਜਦੋਂਕਿ ਵਾਹਨ ਜ਼ੈਲ ਸਿੰਘ ਗੋਪਾਲਪੁਰਾ ਨਾਮੀ ਵਿਅਕਤੀ ਦਾ ਹੈ, ਜੋ ਅਕਾਲੀ ਦਲ ਨਾਲ ਸਬੰਧਤ ਹੈ ਤੇ ਹਾਦਸੇ ਸਮੇਂ ਉਹ ਗੱਡੀ ਵਿਚ ਸੀ।
ਲੋਕਾਂ ਮੁਤਾਬਕ ਜੀਪ ਚਾਲਕ ਨਸ਼ੇ ਵਿਚ ਸੀ ਅਤੇ ਅਚਨਚੇਤੀ ਵਾਹਨ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ ਤੇ ਛੇ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਜੀਪ ਚਾਲਕ ਅਤੇ ਨਾਲ ਬੈਠੇ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ।
ਦਿਹਾਤੀ ਪੁਲੀਸ ਦੇ ਐਸਐਸਪੀ ਜੇ. ਐਲਨਚੇੜੀਅਨ ਨੇ ਆਖਿਆ ਕਿ ਪੁਲੀਸ ਵਲੋਂ ਕੇਸ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਜ਼ਾਹਰਾ ਤੌਰ ’ਤੇ ਚਾਲਕ ਨਸ਼ੇ ਵਿਚ ਲਗਦਾ ਹੈ ਅਤੇ ਉਸ ਨੂੰ ਡਾਕਟਰੀ ਮੁਆਇਨੇ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਬੱਚਿਆਂ ਤੇ ਦੋ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿਵਾਉਣ ਦੀ ਕਾਰਵਾਈ ਕੀਤੀ ਜਾਵੇਗੀ।
ਮੌਕੇ ’ਤੇ ਹਾਜ਼ਰ ਹੀਰਾ ਨੇ ਦਸਿਆ ਕਿ ਵਾਹਨ ਵਿਚ ਦੋ ਵਿਅਕਤੀ ਸਵਾਰ ਸਨ, ਜੋ ਨਸ਼ੇ ਦੀ ਹਾਲਤ ਵਿਚ ਸਨ। ਉਸ ਵੇਲੇ ਜੀਪ ਦੀ ਰਫ਼ਤਾਰ ਸੌ ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਹੋਵੇਗੀ। ਤੇਜ਼ ਰਫ਼ਤਾਰੀ ਅਤੇ ਨਸ਼ੇ ਕਾਰਨ ਚਾਲਕ ਕੋਲੋਂ ਜੀਪ ਬੇਕਾਬੂ ਹੋ ਗਈ ।

 

 

fbbg-image

Latest News
Magazine Archive