ਐਸਵਾਈਐਲ: ਪੰਜਾਬ ਤੇ ਹਰਿਆਣਾ ਨੂੰ ਇਕ ਹੋਰ ਮੌਕਾ

*    ਕੇਂਦਰ ਨੇ 20 ਨੂੰ ਸੱਦੀ ਹੈ ਦੋਵਾਂ ਸੂਬਿਆਂ ਦੀ ਮੀਟਿੰਗ
*    ਅਦਾਲਤ ਤੋਂ ਬਾਹਰ ਮਾਮਲਾ ਨਿਬੇੜਨ ਦੀ ਹਮਾਇਤ
*    ਗੱਲਬਾਤ ਨਾਕਾਮ ਰਹਿਣ ’ਤੇ 27 ਨੂੰ ਹੋਵੇਗੀ ਅਗਲੀ ਸੁਣਵਾਈ
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਹ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਵਿਵਾਦ ਦਾ ਦੋਸਤਾਨਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਦੇ ‘ਬੂਹੇ ਬੰਦ ਨਹੀਂ ਕਰਨੇ’ ਚਾਹੁੰਦੀ। ਇਸ ਦੇ ਨਾਲ ਹੀ ਬੈਂਚ ਨੇ ਮਾਮਲੇ ਦੀ ਸੁਣਵਾਈ ਉਦੋਂ 27 ਅਪਰੈਲ ਤੱਕ ਟਾਲ ਦਿੱਤੀ, ਜਦੋਂ ਅਦਾਲਤ ਵਿੱਚ ਕੇਂਦਰ ਨੇ ਭਰੋਸਾ ਜ਼ਾਹਰ ਕੀਤਾ ਕਿ ਇਹ ਮਾਮਲੇ ਦਾ ਹੱਲ ਲੱਭ ਲਵੇਗਾ, ਕਿਉਂਕਿ ਉਸ ਨੇ ਇਸ ਮੁਤੱਲਕ 20 ਅਪਰੈਲ ਨੂੰ ਪੰਜਾਬ ਅਤੇ ਹਰਿਆਣਾ ਦੀ ਉਚ-ਪੱਧਰੀ ਮੀਟਿੰਗ ਸੱਦੀ ਹੈ।
ਸੁਪਰੀਮ ਕੋਰਟ ਦੇ ਜਸਟਿਸ ਪੀ.ਸੀ. ਘੋਸ਼ ਤੇ ਜਸਟਿਸ ਅਮਿਤਵ ਰਾਏ ਨੇ ਕਿਹਾ, ‘‘ਅਸੀਂ (ਮਾਮਲੇ ਦੇ) ਦੋਸਤਾਨਾ ਹੱਲ ਦੇ ਬੂਹੇ ਬੰਦ ਨਹੀਂ ਕਰਨੇ ਚਾਹੁੰਦੇ।’’ ਦੱਸਣਯੋਗ ਹੈ ਕਿ ਬੈਂਚ ਸੁਪਰੀਮ ਕੋਰਟ ਵੱਲੋਂ ਨਹਿਰ ਦੀ ਉਸਾਰੀ ਦੇ ਹੱਕ ਵਿੱਚ ਸੁਣਾਏ ਫ਼ੈਸਲਿਆਂ ਨੂੰ ਅਮਲ ਵਿੱਚ ਲਿਆਉਣ ਸਬੰਧੀ ਸੁਣਵਾਈ ਕਰ ਰਿਹਾ ਹੈ। ਬੈਂਚ ਅੱਗੇ ਕੇਂਦਰ ਸਰਕਾਰ ਵੱਲੋਂ ਪੇਸ਼ ਸੌਲਿਸਿਟਰ ਜਨਰਲ ਰਣਜੀਤ ਕੁਮਾਰ ਨੇ ਦੱਸਿਆ, ‘‘ਦੋਵਾਂ ਰਾਜਾਂ ਦੀ ਇਕ ਉੱਚ ਪੱਧਰੀ ਮੀਟਿੰਗ 20 ਅਪਰੈਲ ਨੂੰ ਸੱਦੀ ਗਈ ਹੈ। ਭਾਰਤ ਸਰਕਾਰ ਨੂੰ ਮਾਮਲੇ ਦਾ ਹੱਲ ਲੱਭ ਲੈਣ ਦਾ ਭਰੋਸਾ ਹੈ।’’
ਬੈਂਚ ਨੇ ਦੋਵਾਂ ਗੁਆਂਢੀ ਸੂਬਿਆਂ ਦਰਮਿਆਨ ਪਾਣੀਆਂ ਦੀ ਵੰਡ ਸਬੰਧੀ ਜਾਰੀ ਵਿਵਾਦ ਦੇ ਅਦਾਲਤ ਤੋਂ ਬਾਹਰ ਹੱਲ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਕੇਂਦਰ ਨੂੰ ਮੌਕਾ ਦਿੰਦਿਆਂ ਸਾਫ਼ ਕੀਤਾ ਕਿ ਜੇ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਇਹ ਅਗਲੀ ਤਰੀਕ ਉਤੇ ਸੁਣਵਾਈ ਅੱਗੇ ਤੋਰੇਗਾ। ਬੈਂਚ ਨੇ ਸਾਫ਼ ਕੀਤਾ ਕਿ ਹੁਣ ਸੁਣਵਾਈ ਲਈ ਸੁਪਰੀਮ ਕੋਰਟ ਵੱਲੋਂ ਨਹਿਰ ਦੀ ਉਸਾਰੀ ਦੀ ਦਿੱਤੀ ਗਈ ਇਜਾਜ਼ਤ ਨੂੰ ਲਾਗੂ ਕਰਨ ਦਾ ਹੀ ਮਾਮਲਾ ਰਹਿੰਦਾ ਹੈ।
ਅੱਜ ਹੋਈ ਸੰਖੇਪ ਸੁਣਵਾਈ ਦੌਰਾਨ ਪੰਜਾਬ ਵੱਲੋਂ ਪੇਸ਼ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੇ ਕਿਹਾ ਕਿ ਉਹ ਆਖਦੇ ਆ ਰਹੇ ਹਨ ਕਿ ਇਹ ਮਾਮਲਾ ਅਦਾਲਤਾਂ ਵੱਲੋਂ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੀ ਥਾਂ ਦੋਵੇਂ ਧਿਰਾਂ ਨੂੰ ਬੈਠ ਕੇ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰਿਆਣਾ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਨੇ  ਅਦਾਲਤ ਨੂੰ ਚੇਤੇ ਕਰਾਇਆ ਕਿ ਮਾਮਲੇ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਲਾਗੂ ਕਰਨ ਸਬੰਧੀ ਅੰਤਿਮ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮਾਮਲੇ ਵਿੱਚ ਕੇਂਦਰ ਵੱਲੋਂ ਦਖ਼ਲ ਦੇਣ ਦੇ ਫ਼ੈਸਲੇ ਸਬੰਧੀ ਆਸ਼ਾਵਾਦੀ ਹਨ।  ਗ਼ੌਰਤਲਬ ਹੈ ਕਿ ਪਾਣੀ ਵਸੀਲਿਆਂ ਬਾਰੇ ਮੰਤਰਾਲੇ ਨੇ ਬੀਤੀ 10 ਅਪਰੈਲ ਨੂੰ ਦੋਵਾਂ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ 20 ਅਪਰੈਲ ਨੂੰ ਇਸ ਮੁੱਦੇ ਨੂੰ ਵਿਚਾਰਨ ਲਈ ਮੀਟਿੰਗ ਵਾਸਤੇ ਸੱਦਿਆ ਸੀ। ਇਸ ਤੋਂ ਪਹਿਲਾਂ ਕੇਂਦਰ ਨੇ ਸਾਫ਼ ਕੀਤਾ ਸੀ ਕਿ ਉਹ ਇਸ ਮਾਮਲੇ ਵਿੱਚ ਕਿਸੇ ਵੀ ਸੂਬੇ ਦਾ ਪੱਖ ਨਹੀਂ ਲਵੇਗਾ।    

 

 

fbbg-image

Latest News
Magazine Archive