ਕੈਪਟਨ ਨੇ ਸਾਬਕਾ ਐਸਐਸਪੀ ਸਮੇਤ ਪੰਜ ਪੁਲੀਸ ਅਧਿਕਾਰੀਆਂ ਖ਼ਿਲਾਫ਼ ਜਾਂਚ ਵਿਜੀਲੈਂਸ ਨੂੰ ਸੌਂਪੀ

ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਦੋ ਕਿਸਾਨਾਂ ਕੋਲੋਂ ਕਥਿਤ ਜਬਰੀ ਵਸੁਲੀ ਕਰਨ ਦੇ ਦੋਸ਼ਾਂ ਵਿੱਚ ਘਿਰੇ ਸੰਗਰੂਰ ਦੇ ਤਤਕਾਲੀ ਐਸਐਸਪੀ ਇੰਦਰਬੀਰ ਸਿੰਘ, ਸੁਨਾਮ ਦੇ ਡੀਐਸਪੀ ਜਸ਼ਨਦੀਪ ਸਿੰਘ ਗਿੱਲ, ਲੌਂਗੋਵਾਲ ਥਾਣੇ ਦੇ ਐਸਐਚਓ ਇੰਸਪੈਕਟਰ ਸਿਕੰਦਰ ਸਿੰਘ ਅਤੇ ਦੋ ਹੋਰ ਥਾਣੇਦਾਰਾਂ ਖ਼ਿਲਾਫ਼ ਵਿਜੀਲੈਂਸ ਜਾਂਚ ਕਰਵਾਉਣ ਦੇ ਹੁਕਮ ਜਾਰੀ  ਕੀਤੇ ਹਨ। ਵਿਜੀਲੈਂਸ ਬਿਊਰੋ ਵੱਲੋਂ ਜਾਂਚ ਦੀ ਜ਼ਿੰਮੇਵਾਰੀ ਪੰਜਾਬ ਵਿਜੀਲੈਂਸ ਦੇ ਆਈਜੀ ਸ਼ਿਵ ਕੁਮਾਰ ਵਰਮਾ ਨੂੰ ਸੌਂਪੀ ਗਈ ਹੈ। ਇਸ ਦੌਰਾਨ ਰਾਜ ਸਰਕਾਰ ਨੇ ਇੰਦਰਬੀਰ ਸਿੰਘ (ਏਆਈਜੀ ਪਰਸੋਨਲ) ਨੂੰ ਚੰਡੀਗੜ੍ਹ ਪੁਲੀਸ ਦਾ ਐਸਐਸਪੀ ਲਾਉਣ ਲਈ ਯੂਟੀ ਪ੍ਰਸ਼ਾਸਨ ਨੂੰ ਭੇਜੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਪੈਨਲ ਵਿੱਚੋਂ ਉਨ੍ਹਾਂ ਦਾ ਨਾਂ  ਵਾਪਸ ਲੈ ਲਿਆ ਹੈ। ਸੰਗਰੂਰ ਜ਼ਿਲ੍ਹੇ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਇਸ ਮਾਮਲੇ ਸਬੰਧੀ ਪਟਿਆਲਾ ਜ਼ੋਨ ਦੇ  ਆਈਜੀ ਏ.ਐਸ.ਰਾਏ ਅਤੇ ਡੀਆਈਜੀ   ਸੁਖਚੈਨ ਸਿੰਘ ਗਿੱਲ ਨੂੰ ਭੇਜੀ ਮੁੱਢਲੀ ਰਿਪੋਰਟ ਮੀਡੀਆ ਵਿੱਚ ਛਪਣ ਕਰਕੇ ਅੱਜ ਸਾਰਾ ਦਿਨ ਇਹ ਰਿਪੋਰਟ ਸੱਤਾ ਦੇ ਗਲਿਆਰਿਆਂ ਵਿੱਚ ਚੁੰਝ ਚਰਚਾ ਦਾ ਵਿਸ਼ਾ ਬਣੀ ਰਹੀ।
ਸਰਕਾਰ ਦੇ ਹੇਠਲੇ ਤੋਂ ਲੈ ਕੇ ਸੀਨੀਅਰ ਅਧਿਕਾਰੀ ਵੀ ਇਸ ਰਿਪੋਰਟ ਦੀਆਂ ਕਨਸੋਆਂ ਲੈਂਦੇ ਰਹੇ। ਸੰਗਰੂਰ ਜ਼ਿਲ੍ਹੇ ਦੇ ਐਸਐਸਪੀ ਸਿੱਧੂ ਨੇ ਆਪਣੀ ਰਿਪੋਰਟ ਵਿੱਚ ਇਸ ਮਾਮਲੇ ਦੀ  ਜਾਂਚ ਵਿਜੀਲੈਂਸ ਕੋਲੋਂ ਕਰਵਾਉਣ  ਅਤੇ ਪੁਲੀਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।
ਸਰਕਾਰ ਨੇ ਵਿਜੀਲੈਂਸ ਜਾਂਚ ਮੁਕੰਮਲ ਹੋਣ ਤੱਕ ਪੰਜਾਂ ਅਧਿਕਾਰੀਆਂ, ਜਿਨ੍ਹਾਂ ਵਿਚ ਸੰਗਰੂਰ ਜ਼ਿਲ੍ਹੇ ਦੀ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਬਲਜਿੰਦਰ ਸਿੰਘ ਅਤੇ ਬਡਰੁਖਾਂ ਚੌਕੀ ਦੇ ਇੰਚਾਰਜ ਏਐਸਆਈ ਗੁਰਮੇਲ ਸਿੰਘ ਵੀ ਸ਼ਾਮਲ ਹਨ, ਨੂੰ ਲਾਈਨ ਹਾਜ਼ਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਸੂਬੇ ਦੇ ਗ੍ਰਹਿ ਵਿਭਾਗ ਨੇ ਯੂਟੀ ਚੰਡੀਗੜ੍ਹ ਦਾ ਐਸਐਸਪੀ ਲਾਉਣ ਲਈ ਤਿੰਨ ਆਈਪੀਐਸ ਅਧਿਕਾਰੀਆਂ ਦਾ ਨਵਾਂ ਪੈਨਲ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚ ਇਕ ਮਹਿਲਾ ਆਈਪੀਐਸ ਅਧਿਕਾਰੀ ਦਾ ਨਾਂ ਵੀ ਸ਼ਾਮਲ ਹੈ ਤੇ ਇਸ ਲਈ ਯੂਟੀ ਵਿੱਚ ਔਰਤ ਐਸਐਸਪੀ ਲੱਗਣ ਦੇ ਆਸਾਰ ਬਣ ਸਕਦੇ ਹਨ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਸ ਮਸਲੇ ਦੀ ਅਸਲੀਅਤ ਤੱਕ ਪਹੁੰਚਿਆ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਕਿਸੇ ਅਣਗਹਿਲੀ ਜਾਂ ਸਾਜ਼ਿਸ਼ ਵਿੱਚ ਸ਼ਾਮਲ ਨਾ ਹੋਇਆ ਤਾਂ ਉਸ ਨੂੰ ਬਰੀ ਕਰ ਦਿੱਤਾ ਜਾਵੇਗਾ, ਪਰ ਕਿਸੇ ਵੀ ਕੀਮਤ ’ਤੇ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਆਈਪੀਐਸ ਅਧਿਕਾਰੀ ਇੰਦਰਬੀਰ ਦੀਆਂ ਮੁਸ਼ਕਲਾਂ ਵਧੀਆਂ
ਪਟਿਆਲਾ - ਸੰਗਰੂਰ ਦੇ ਸਾਬਕਾ ਐਸਐਸਪੀ ਇੰਦਰਬੀਰ ਸਿੰਘ ਦੀਆਂ ਮੁਸ਼ਕਲਾਂ ਨੇੜ ਭਵਿੱਖ ਵਿੱਚ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਚੰਡੀਗੜ੍ਹ ਦਾ ਐਸਐਸਪੀ ਲਾਉਣ ਲਈ ਸਿਫਾਰਿਸ਼ ਕੀਤੇ ਤਿੰਨ ਆਈਪੀਐਸ ਅਫ਼ਸਰਾਂ ਦੇ ਪੈਨਲ ਵਿੱਚ ਸ਼ਾਮਲ ਇੰਦਰਬੀਰ ਸਿੰਘ ਦੇ ਨਾਂ ’ਤੇ ਕੈਪਟਨ ਸਰਕਾਰ ਵੱਲੋਂ ਲੀਕ ਫੇਰੇ ਜਾਣ ਤੋਂ ਬਾਅਦ ਹੁਣ ਇਕ ਸੀਨੀਅਰ ਕਾਂਗਰਸੀ ਆਗੂ ਨੇ ਪੁਲੀਸ ਅਧਿਕਾਰੀ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇੰਦਰਬੀਰ ਦੇ 2015 ਵਿੱਚ ਬਟਾਲਾ ਦੇ ਐਸਐਸਪੀ ਵਜੋਂ ਕਾਰਜਕਾਲ ਦੌਰਾਨ ਡਰੱਗ ਡੀਲਰਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾਵੇ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਆਈਪੀਐਸ ਅਧਿਕਾਰੀ ’ਤੇ ਦੋਸ਼ ਲਾਇਆ ਹੈ ਕਿ ਉਹ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਨਸ਼ਾ ਤਸਕਰਾਂ ਨਾਲ ਕਾਫ਼ੀ ਸਰਗਰਮ ਰਹੇ ਹਨ। ਵਿਧਾਇਕ ਨੇ 3 ਅਗਸਤ, 2015 ਨੂੰ ਤਤਕਾਲੀਨ ਆਈਜੀ ਸਰਹੱਦੀ ਰੇਂਜ ਈਸ਼ਵਰ ਚੰਦਰ ਨੂੰ ਇਸ ਮਾਮਲੇ ਬਾਬਤ ਲਿਖੀ ਚਿੱਠੀ ਦੀ ਕਾਪੀ ਤੇ ਇਨ੍ਹਾਂ ਕਾਲਮਾਂ ਵਿੱਚ ਹੀ ਸੰਗਰੂਰ ਦੇ ਦੋ ਕਿਸਾਨਾਂ ਤੋਂ ਪੰਜ ਪੁਲੀਸ ਅਧਿਕਾਰੀਆਂ ਵੱਲੋਂ ਜਬਰੀ ਪੈਸਾ ਵਸੂਲਣ ਸਬੰਧੀ ਨਸ਼ਰ ਰਿਪੋਰਟ ਅੱਜ ਡੀਜੀਪੀ ਸੁਰੇਸ਼ ਅਰੋੜਾ ਨੂੰ ਭੇਜ ਕੇ ਇੰਦਰਬੀਰ ਸਿੰਘ ਦੀ ਭੂਮਿਕਾ ਦੀ ਜਾਂਚ ਕਰਨ ਲਈ ਕਿਹਾ ਹੈ। ਰੰਧਾਵਾ ਨੇ ਕਿਹਾ ਉਨ੍ਹਾਂ ਸਾਰਾ ਮਾਮਲਾ ਡੀਜੀਪੀ ਦੇ ਧਿਆਨ ’ਚ ਲਿਆ ਦਿੱਤਾ ਹੈ। ਵਿਧਾਇਕ ਨੇ ਮੰਗ ਕੀਤੀ ਕਿ ਜਬਰੀ ਉਗਰਾਹੀ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਮਗਰੋਂ ਵਿਜੀਲੈਂਸ ਦੀ ਥਾਂ ਸੀਨੀਅਰ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਕੋਲੋਂ ਸਾਰੇ ਮਾਮਲੇ ਦੀ ਜਾਂਚ ਕਰਾਈ ਜਾਵੇ।

 

 

fbbg-image

Latest News
Magazine Archive