ਸ੍ਰੀਨਗਰ ਵਿੱਚ ਤਣਾਅ ਦੌਰਾਨ 38 ਬੂਥਾਂ ’ਤੇ ਮੁੜ ਵੋਟਾਂ ਭਲਕੇ

* ਵਾਦੀ ਵਿੱਚ ਹੜਤਾਲ ਕਾਰਨ  ਜਨਜੀਵਨ ਲੀਹੋਂ ਲੱਥਾ
ਸ੍ਰੀਨਗਰ - ਲੋਕ ਸਭਾ ਹਲਕੇ ਸ੍ਰੀਨਗਰ ਦੀ ਜ਼ਿਮਨੀ ਚੋਣ ਵਿੱਚ ਹੋਈ ਹਿੰਸਾ ਦੌਰਾਨ ਅੱਠ ਵਿਅਕਤੀਆਂ ਦੀ ਮੌਤ ਤੋਂ ਬਾਅਦ ਵੀ ਹਾਲਾਤ ਬਦਤਰ ਬਣੇ ਹੋਏ ਹਨ, ਜਿਸ ਕਾਰਨ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਵਿਗੜੇ ਹਾਲਾਤ ਦੌਰਾਨ ਹੀ ਚੋਣ ਕਮਿਸ਼ਨ ਨੇ ਹਲਕੇ ਦੇ 38 ਪੋਲਿੰਗ ਸਟੇਸ਼ਨਾਂ ’ਤੇ ਮੁੜ ਵੋਟਾਂ ਲਈ 13 ਅਪਰੈਲ ਦਾ ਦਿਨ ਮੁਕੱਰਰ ਕਰ ਦਿੱਤਾ ਹੈ। ਇਕ ਪਾਸੇ ਮੁੜ ਵੋਟਾਂ ਦੇ ਹੁਕਮ ਜਾਰੀ ਹੋ ਗਏ ਹਨ ਤੇ ਦੂਜੇ ਪਾਸੇ ਸ੍ਰੀਨਗਰ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਅੱਜ ਬਹੁਤੀਆਂ ਦੁਕਾਨਾਂ, ਪੈਟਰੋਲ ਪੰਪ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਸਰਕਾਰੀ ਬੱਸਾਂ ਬਿਲਕੁਲ ਵੀ ਨਹੀਂ ਚੱਲੀਆਂ ਪਰ ਆਟੇ ਵਿੱਚ ਲੂਣ ਬਰਾਬਰ ਪ੍ਰਾਈਵੇਟ ਕਾਰਾਂ, ਟੈਕਸੀਆਂ ਅਤੇ ਆਟੋ ਰਿਕਸ਼ੇ ਸੜਕਾਂ ’ਤੇ ਨਜ਼ਰੀਂ ਪਏ। ਇਸ ਦੌਰਾਨ ਦੋ ਦਿਨਾਂ ਬਾਅਦ ਅੱਜ ਵਾਦੀ ਵਿੱਚ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਭਾਵੇਂ ਪ੍ਰਸ਼ਾਸਨ ਵੱਲੋਂ ਵਾਦੀ ਵਿੱਚ ਕਿਧਰੇ ਵੀ ਕੋਈ ਪਾਬੰਦੀ ਨਹੀਂ ਲਗਾਈ ਗਈ ਪਰ ਚੱਪੇ ਚੱਪੇ ’ਤੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਹੋਏ ਹਨ। ਅੱਠ ਵਿਅਕਤੀਆਂ ਦੀ ਮੌਤ ਸਬੰਧੀ ਵੱਖਵਾਦੀਆਂ ਨੇ ਸੋਮਵਾਰ ਨੂੰ ਦੋ ਦਿਨਾਂ ਹੜਤਾਲ ਦਾ ਐਲਾਨ ਕੀਤਾ ਸੀ। ਇਸ ਦੌਰਾਨ ਅਤਿਵਾਦੀਆਂ ਨੇ ਬੀਤੀ ਰਾਤ ਸ਼ੋਪੀਆਂ ਦੇ ਰਵਾਲਪੋਰਾ ਵਿੱਚ ਇਕ ਸਕੂਲ ਨੂੰ ਅੱਗ ਲਗਾ ਦਿੱਤੀ। ਇਸ ਸਕੂਲ ਵਿੱਚ ਪੋਲਿੰਗ ਬੂਥ ਬਣਿਆ ਹੋਇਆ ਹੈ। ਅੱਗ ਨਾਲ ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਿਆ।
 

 

Latest News
Magazine Archive