ਸ੍ਰੀਨਗਰ ਜ਼ਿਮਨੀ ਚੋਣ ਮੌਕੇ ਹਿੰਸਾ; 8 ਮੌਤਾਂ

ਸੁਰੱਖਿਆ ਦਸਤਿਆਂ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਕੀਤੀ ਫਾਇਰਿੰਗ;
ਮੱਧ ਪ੍ਰਦੇਸ਼ ਦੇ ਅਟੇਰ ਹਲਕੇ ਵਿੱਚ ਦੋ ਥਾਈਂ ਗੋਲੀ ਚੱਲੀ
ਨਵੀਂ ਦਿੱਲੀ - ਸ੍ਰੀਨਗਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਅੱਜ ਹਿੰਸਾ ਦਾ ਪਰਛਾਵਾਂ ਪ੍ਰਤੱਖ ਦਿਸਿਆ ਅਤੇ ਇੱਥੇ ਸੁਰੱਖਿਆ ਦਸਤਿਆਂ ਦੀ ਗੋਲੀਬਾਰੀ ਵਿੱਚ ਘੱਟੋ ਘੱਟ ਅੱਠ ਜਣੇ ਮਾਰੇ ਗਏ, ਜਦੋਂ ਕਿ ਮੱਧ ਪ੍ਰਦੇਸ਼ ਦੇ ਅਟੇਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਦੋ ਥਾਈਂ ਗੋਲੀ ਚੱਲੀ। ਹਾਲਾਂਕਿ ਕਰਨਾਟਕ, ਪੱਛਮੀ ਬੰਗਾਲ, ਆਸਾਮ, ਰਾਜਸਥਾਨ ਤੇ ਦਿੱਲੀ ਦੇ ਇਕ ਇਕ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸ਼ਾਂਤੀਪੂਰਨ ਰਹੀ। ਅੱਜ ਸ੍ਰੀਨਗਰ ਸੰਸਦੀ ਸੀਟ ਤੋਂ ਇਲਾਵਾ ਪੰਜ ਸੂਬਿਆਂ ਦੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ ਸੀ।
ਇਸ ਦੌਰਾਨ ਸ੍ਰੀਨਗਰ ਸੰਸਦੀ ਹਲਕੇ ਵਿੱਚ ਪੈਂਦੇ ਤਿੰਨ ਜ਼ਿਲ੍ਹਿਆਂ ਸ੍ਰੀਨਗਰ, ਬੜਗਾਮ ਤੇ ਗੰਦਰਬਲ ਵਿੱਚ ਦੋ ਦਰਜਨ ਥਾਵਾਂ ਉਤੇ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ। ਇੱਥੋਂ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਵਜੋਂ ਫਾਰੂਕ ਅਬਦੁੱਲਾ ਅਤੇ ਸੱਤਾਧਾਰੀ ਪੀਡੀਪੀ ਵੱਲੋਂ ਨਜ਼ੀਰ ਅਹਿਮਦ ਖ਼ਾਨ ਚੋਣ ਲੜ ਰਹੇ ਹਨ। ਗੰਦਰਬਲ ਵਿੱਚ ਇਕ ਚੋਣ ਬੂਥ ਨੂੰ ਫੂਕਣ ਲਈ ਪੈਟਰੋਲ ਬੰਬ ਸੁੱਟ ਰਹੀ ਭੀੜ ਉਤੇ ਕਾਬੂ ਪਾਉਣ ਲਈ ਸੁਰੱਖਿਆ ਦਸਤਿਆਂ ਦੇ ਸਹਿਯੋਗ ਵਾਸਤੇ ਫੌਜ ਸੱਦਣੀ ਪਈ। ਅਧਿਕਾਰੀਆਂ ਨੇ ਕਿਹਾ ਕਿ ਇਸ ਹਿੰਸਾ ਵਿੱਚ 100 ਤੋਂ ਵੱਧ ਸੁਰੱਖਿਆ ਜਵਾਨ ਜ਼ਖ਼ਮੀ ਹੋਏ, ਜਦੋਂ ਕਿ ਪੁਲੀਸ ਗੋਲੀਬਾਰੀ ਵਿੱਚ ਕਈ ਨਾਗਰਿਕ ਵੀ ਫੱਟੜ ਹੋਏ।
ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਸ਼ਾਂਤਮਨੂ ਨੇ ਕਿਹਾ ਕਿ ਇਸ ਸੰਸਦੀ ਹਲਕੇ ਵਿੱਚ ਸਿਰਫ਼ 7.14 ਫੀਸਦੀ ਵੋਟਿੰਗ ਹੋਈ। ਉਨ੍ਹਾਂ ਕਿਹਾ ਕਿ ਉਹ ਇਸ ਮੌਕੇ ਦੁਬਾਰਾ ਚੋਣ ਬਾਰੇ ਕੁਝ ਨਹੀਂ ਕਹਿ ਸਕਦੇ। ਇਸ ਦੌਰਾਨ ਬੜਗਾਮ ਜ਼ਿਲ੍ਹੇ ਦੇ ਚਰਾਰ-ਏ-ਸ਼ਰੀਫ਼, ਬੀਰਵਾਹ ਤੇ ਚਡੂਰਾ ਇਲਾਕਿਆਂ ਵਿੱਚ ਹੋਈ ਹਿੰਸਾ ਦੌਰਾਨ ਦੋ-ਦੋ ਪ੍ਰਦਰਸ਼ਨਕਾਰੀ ਮਾਰੇ ਗਏ, ਜਦੋਂ ਕਿ ਇਕ ਵਿਅਕਤੀ ਦੀ ਮੌਤ ਗੁਲਮਰਗ ਦੇ ਪ੍ਰਵੇਸ਼ ਦੁਆਰ ਮਾਗਮ ਸ਼ਹਿਰ ਵਿੱਚ ਹੋਈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਨੇ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਤੇ ਸੁਚਾਰੂ ਤਰੀਕੇ ਨਾਲ ਚੋਣਾਂ ਯਕੀਨੀ ਨਾ ਬਣਾ ਸਕਣ ਦਾ ਦੋਸ਼ ਲਾਇਆ। ਜ਼ਿਮਨੀ ਚੋਣ ਦੌਰਾਨ ਗੋਲੀਬਾਰੀ ਵਿੱਚ ਸੱਤ ਮੌਤਾਂ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੋਇਆ ਹੈ ਕਿਉਂਕਿ ਜ਼ਿਆਦਾਤਰ ਮਰਨ ਵਾਲੇ ਅੱਲ੍ਹੜ ਉਮਰ ਦੇ ਹਨ, ਜਿਨ੍ਹਾਂ ਨੂੰ ਹਾਲੇ ਮਸਲਿਆਂ ਦੀਆਂ ਗੁੰਝਲਾਂ ਦਾ ਅੰਦਾਜ਼ਾ ਹੀ ਨਹੀਂ ਸੀ।
ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਅਟੇਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋਈ, ਜਿਸ ਦੌਰਾਨ ਦੋ ਥਾਵਾਂ ਉਤੇ ਗੋਲੀ ਚੱਲੀ। ਰਾਜਸਥਾਨ ਦੇ ਢੋਲਪੁਰ ਵਿਧਾਨ ਸਭਾ ਹਲਕੇ ਵਿੱਚ ਸ਼ਾਮ ਪੰਜ ਵਜੇ ਤੱਕ 74 ਫੀਸਦੀ ਵੋਟਿੰਗ ਹੋਈ। ਆਸਾਮ ਦੇ ਧੇਮਾਜੀ ਹਲਕੇ ਵਿੱਚ 66.97, ਮੱਧ ਪ੍ਰਦੇਸ਼ ਦੇ ਅਟੇਰ ਵਿੱਚ 60 ਤੇ ਬਾਂਧਵਗੜ੍ਹ ਵਿੱਚ 65 ਫੀਸਦੀ ਮਤਦਾਨ ਹੋਇਆ। ਕਰਨਾਟਕ ਦੇ ਗੁੰਡਲੂਪੇਟ ਤੇ ਨਨਜਨਾਗੁਡ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਮ ਪੰਜ ਵਜੇ ਤੱਕ ਕ੍ਰਮਵਾਰ 78 ਤੇ 76 ਪ੍ਰਤੀਸ਼ਤ ਵੋਟਾਂ ਪਈਆਂ। ਪੱਛਮੀ ਬੰਗਾਲ ਦੇ ਕਾਂਤੀ ਦਕਸ਼ਿਨ ਵਿਧਾਨ ਸਭਾ ਹਲਕੇ ਵਿੱਚ 82 ਫੀਸਦੀ ਵੋਟਿੰਗ ਹੋਈ।

 

 

fbbg-image

Latest News
Magazine Archive