ਜਾਂਚ ’ਚ ਉਲਝੀ ਪੰਜਾਬ ਪੁਲੀਸ ਦੀ ਹੁਸ਼ਿਆਰੀ

ਖੰਨਾ ਸ਼ਹਿਰ ਦੇ ਨਿਰਦੋਸ਼ ਨੌਜਵਾਨ ਨੂੰ ਇਨਾਮੀ ਮੁਲਜ਼ਮ ਬਣਾਇਆ
ਖੰਨਾ - ਪੰਜਾਬ ਪੁਲੀਸ ਵੱਲੋਂ ਕੁਝ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰ ‘ਵਾਂਟਿਡ-ਇਨਾਮ 50 ਲੱਖ ਰੁਪਏ ਅਤੇ ਸਬ-ਇੰਸਪੈਕਟਰ ਦੀ ਨੌਕਰੀ ਪਾਓ’ ਨੂੰ ਦੇਖ ਕੇ ਖੰਨਾ ਦੇ ਇਕ ਪਰਿਵਾਰ ਵਿੱਚ ਖਲਬਲੀ ਮੱਚ ਗਈ। ਇਸ਼ਤਿਹਾਰ ਵਿੱਚ ਛਪੀ ਫੋਟੋ ਇਸ ਪਰਿਵਾਰ ਦੇ ਲੜਕੇ ਦੀ ਹੈ।
ਜ਼ਿਕਰਯੋਗ ਹੈ ਕਿ ਖੰਨਾ ਦੇ ਲਲਹੇੜੀ ਰੋਡ ਚੌਕ ਵਿੱਚ ਹਿੰਦੂ ਨੇਤਾ ਦੁਰਗਾ ਪ੍ਰਸਾਦ ਗੁਪਤਾ ਨੂੰ 23 ਅਪਰੈਲ 2016 ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ। ਇਸ ਪਿੱਛੋਂ 25 ਫਰਵਰੀ 2017 ਨੂੰ ਡੇਰਾ ਸਿਰਸਾ ਦੇ ਪ੍ਰੇਮੀ ਸਤਪਾਲ ਤੇ ਉਸ ਦੇ ਪੁੱਤਰ ਰਮੇਸ਼ ਕੁਮਾਰ ਨੂੰ ਪਿੰਡ ਜਗੇੜਾ ਵਿੱਚ ਸਥਿਤ ਨਾਮ ਚਰਚਾ ਘਰ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਇਸ ਸਬੰਧੀ ਪੰਜਾਬ ਪੁਲੀਸ ਵੱਲੋਂ ਕੁਝ ਸ਼ੱਕੀ ਤਸਵੀਰਾਂ ਵਾਲਾ ਇਸ਼ਤਿਹਾਰ ਕੱਲ੍ਹ ਤੇ ਅੱਜ ਦੀਆਂ ਅਖ਼ਬਾਰਾਂ ਵਿੱਚ ਛਪਵਾਇਆ ਗਿਆ। ਅਖ਼ਬਾਰਾਂ ਵਿੱਚ ਆਪਣੀ ਫੋਟੋ ਵੇਖ ਕੇ ਖੰਨਾ ਦੀ ਬਿੱਲਾ ਵਾਲੀ ਛੱਪੜੀ ਦਾ ਵਸਨੀਕ ਨੌਜਵਾਨ ਦੀਪਕ ਕੁਮਾਰ ਕੱਲ੍ਹ ਆਪਣੇ ਵਾਰਡ ਦੀ ਮਹਿਲਾ ਕੌਂਸਲਰ ਦੇ ਪਤੀ ਨੂੰ ਲੈ ਕੇ ਖੰਨਾ ਪੁਲੀਸ ਕੋਲ ਪੁੱਜਿਆ ਅਤੇ ਦੱਸਿਆ ਕਿ ਅਖ਼ਬਾਰ ਵਿੱਚ ਛਪੀ ਫੋਟੋ ਉਸ ਦੀ ਹੈ। ਦੀਪਕ ਨੂੰ ਦੇਖ ਕੇ ਪੁਲੀਸ ਵੀ ਹੱਕੀ ਬੱਕੀ ਰਹਿ ਗਈ। ਪੁਲੀਸ ਮੁਲਾਜ਼ਮਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਮੌਕੇ ’ਤੇ ਹੀ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਦੀਪਕ ਇੱਥੋਂ ਦੀ ਚਾਂਦਲਾ ਮਾਰਕੀਟ ਵਿੱਚ ਇਕ ਦੁਕਾਨ ’ਤੇ ਕੰਮ ਕਰਦਾ ਹੈ, ਜਿੱਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਸਾਊ ਤੇ ਮਿਹਨਤੀ ਨੌਜਵਾਨ ਹੈ ਅਤੇ ਇਸ ਦਾ ਕਿਸੇ ਵੀ ਅਜਿਹੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਪਤਾ ਲੱਗਿਆ ਹੈ ਕਿ ਇਸ਼ਤਿਹਾਰ ਵਿੱਚ ਜੋ ਬੁਲੇਟ ਮੋਟਰ ਸਾਈਕਲ ਦਿਖਾਇਆ ਗਿਆ ਹੈ, ਉਹ ਦੀਪਕ ਦੀ ਦੁਕਾਨ ਦੇ ਮਾਲਕ ਦੇ ਮਿੱਤਰ ਦਾ ਹੈ ਅਤੇ ਅਕਸਰ ਦੀਪਕ ਇਹ ਮੋਟਰ ਸਾਈਕਲ ਲੈ ਕੇ ਆਪਣੇ ਘਰ ਆਉਂਦਾ-ਜਾਂਦਾ ਹੈ। ਇਸ ਦੌਰਾਨ ਐਸ.ਪੀ. (ਆਈ) ਸਤਨਾਮ ਸਿੰਘ ਨਾਲ ਜਦੋਂ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨੌਜਵਾਨ ਦੀਪਕ ਕੁਮਾਰ ਪੁਲੀਸ ਕੋਲ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰ ਵਿੱਚ ਦਿੱਤੀ ਤੀਜੇ ਨੰਬਰ ਵਾਲੀ ਫੋਟੋ ਵਿੱਚ ਵੀ ਇਹੀ ਨੌਜਵਾਨ ਹੈ ਅਤੇ ਇਸ ਦੇ ਪਿੱਛੇ ਜੋ ਨੀਲੀ ਕਮੀਜ਼ ਵਾਲਾ ਨੌਜਵਾਨ ਬੈਠਾ ਹੈ, ਉਸ ਨੇ ਦੀਪਕ ਤੋਂ ਲਿਫਟ ਮੰਗੀ ਸੀ, ਜੋ ਸ਼ੱਕੀ ਹੈ। ਇਹ ਤਸਵੀਰ ਇਕ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਪਰ ਦੀਪਕ ਇਸ ਨੌਜਵਾਨ ਨੂੰ ਨਹੀਂ ਜਾਣਦਾ। ਉਨ੍ਹਾਂ ਦੱਸਿਆ ਕਿ ਪੜਤਾਲ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

 

 

fbbg-image

Latest News
Magazine Archive