ਪੰਜਾਬ ਇਲੈਵਨ ਨੇ ਨੱਪੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ

ਇੰਦੌਰ - ਕਪਤਾਨ ਗਲੈੱਨ ਮੈਕਸਵੈੱਲ (44) ਅਤੇ ਡੇਵਿਡ ਮਿਲਰ (30) ਦੀਆਂ ਤੇਜ਼ ਤਰਾਰ ਪਾਰੀਆਂ ਸਦਕਾ ਕਿੰਗਜ਼ ਇਲੈਵਨ ਪੰਜਾਬ ਨੇ ਇੱਥੇ ਆਈਪੀਐਲ ਦੇ ਮੈਚ ਵਿੱਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੂੰ ਇੱਕ ਓਵਰ ਰਹਿੰਦਿਆਂ ਛੇ ਵਿਕਟਾਂ ਨਾਲ ਮਾਤ ਦਿੱਤੀ।
ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੁਣੇ ਦੀ ਟੀਮ 163 ਦੌੜਾਂ ਬਣਾਉਣ ਵਿੱਚ ਸਫ਼ਲ ਰਹੀ, ਪਰ ਕਿੰਗਜ਼ ਇਲੈਵਨ ਪੰਜਾਬ ਨੇ ਮੈਕਸਵੈੱਲ ਅਤੇ ਮਿਲਰ ਦੀਆਂ ਨਾਬਾਦ ਪਾਰੀਆਂ ਸਦਕਾ ਇਹ ਟੀਚਾ 19 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾ ਕੇ ਸਰ ਕਰ ਲਿਆ। ਦੋਹਾਂ ਵਿੱਚੋਂ ਮੈਕਸਵੈੱਲ ਨੇ ਜ਼ਿਆਦਾ ਹਮਲਾਵਰ ਰੁਖ਼ ਅਪਣਾਇਆ। ਉਸ ਨੇ 20 ਗੇਂਦਾਂ ਵਿੱਚ ਚਾਰ ਛੱਕੇ ਅਤੇ ਦੋ ਚੌਕੇ ਜੜੇ। ਜਦਕਿ ਮਿਲਰ ਨੇ 27 ਗੇਂਦਾਂ ਵਿੱਚ ਦੋ ਛੱਕੇ ਅਤੇ ਇੱਕ ਚੌਕਾ ਜੜਿਆ। ਦੋਹਾਂ ਨੇ ਪੰਜਵੀਂ ਵਿਕਟ ਲਈ 47 ਗੇਂਦਾਂ ਵਿੱਚ 79 ਦੌੜਾਂ ਦੀ ਭਾਈਵਾਲੀ ਕੀਤੀ।
ਸਲਾਮੀ ਬੱਲੇਬਾਜ਼ ਹਾਸ਼ਿਮ ਆਮਲਾ (28 ਦੌੜਾਂ) ਨੇ ਚੰਗੀ ਸ਼ੁਰੂਆਤ ਦੀ ਕੋਸ਼ਿਸ਼ ਕੀਤੀ, ਪਰ ਤੀਜੇ ਓਵਰ ਵਿੱਚ ਮਨਨ ਵੋਹਰਾ (14 ਦੌੜਾਂ) ਦੇ ਆਊਟ ਹੋਣ ਨਾਲ ਇਹ ਭਾਈਵਾਲੀ ਟੁੱਟ ਗਈ। ਆਰ. ਸਾਹਾ (14 ਦੌੜਾਂ) ਵੀ ਜ਼ਿਆਦਾ ਦੇਰ ਨਹੀਂ ਟਿਕ ਸਕਿਆ ਤੇ ਤਿੰਨ ਓਵਰਾਂ ਬਾਅਦ ਇਮਰਾਨ ਤਾਹਿਰ (29 ਦੌੜਾਂ ਦੇ ਕੇ ਦੋ ਵਿਕਟਾਂ) ਦੀ ਗੇਂਦ ’ਤੇ ਆਊਟ ਹੋ ਗਿਆ। ਇਸੇ ਗੇਂਦਬਾਜ਼ ਨੇ ਅਕਸ਼ਰ ਪਟੇਲ (24 ਦੌੜਾਂ) ਨੂੰ ਆਊਟ ਕੀਤਾ। ਰਾਹੁਲ ਚਾਹਰ ਨੂੰ ਆਮਲਾ ਦੇ ਰੂੁਪ ਵਿੱਚ ਇੱਕੋ ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਪੁਣੇ ਦੀ ਟੀਮ ਸਲਾਮੀ ਬੱਲੇਬਾਜ਼ਾਂ ਦੇ ਛੇਤੀ ਆਊੁਟ ਹੋਣ ਕਾਰਨ ਨੌਵੇਂ ਓਵਰ ਵਿੱਚ ਤਿੰਨ ਵਿਕਟਾਂ ਗੁਆ ਕੇ 49 ਦੌੜਾਂ ’ਤੇ ਸੀ। ਇਸ ਤੋਂ ਬਾਅਦ ਸਟੋਕਸ (32 ਗੇਂਦਾਂ ਵਿੱਚ 50 ਦੌੜਾਂ) ਨੇ ਆਪਣੀ ਤੇਜ਼ ਤਰਾਰ ਬੱਲੇਬਾਜ਼ੀ ਨਾਲ ਦਿਖਾ ਦਿੱਤਾ ਕਿ ਨਿਲਾਮੀ ਵਿੱਚ ਉਹ ਏਨਾ ਮਹਿੰਗਾ ਖਿਡਾਰੀ ਕਿਉਂ ਰਿਹਾ। ਉਸ ਨੂੰ ਮਨੋਜ ਤਿਵਾੜੀ (23 ਗੇਂਦਾਂ ਵਿੱਚ 40 ਦੌੜਾਂ) ਤੋਂ ਚੰਗਾ ਸਹਿਯੋਗ ਮਿਲਿਆ। ਤਿਵਾੜੀ ਅਤੇ ਡੈਨੀਅਲ ਕ੍ਰਿਸਟੀਅਨ (ਦੋਹੇਂ ਨਾਬਾਦ ਰਹੇ) ਨੇ ਪਾਰੀ ਦੇ ਅੰਤ ਵਿੱਚ ਮੋਹਿਤ ਅਤੇ ਸੰਦੀਪ ਸ਼ਰਮਾ ਦੀਆਂ ਗੇਂਦਾਂ ’ਤੇ ਭੋਰਾ ਵੀ ਨਰਮੀ ਨਾ ਵਰਤੀ ਤੇ ਆਖ਼ਰੀ 12 ਗੇਂਦਾਂ ਵਿੱਚ 30 ਦੌੜਾਂ ਬਣਾਈਆਂ।
ਸੰਦੀਪ ਨੇ ਇਨਸਵਿੰਗ ਨਾਲ ਮਿਆਂਕ ਨੂੰ ਆਊਟ ਕੀਤਾ। ਤਾਮਿਲਨਾਡੂ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਦਾ ਆਈਪੀਐਲ ਵਿੱਚ ਪਹਿਲਾ ਮੈਚ ਯਾਦਗਾਰੀ ਰਿਹਾ। ਉਸ ਨੂੰ ਆਪਣੀ ਪਹਿਲੀ ਵਿਕਟ ਝਟਕਾਉਣ ਵਿੱਚ ਦੋ ਗੇਂਦਾਂ ਲੱਗੀਆਂ। ਉਸ ਨੇ ਅਜਿੰਕਿਆ ਰਹਾਣੇ (19 ਦੌੜਾਂ) ਨੂੰ ਡੀਪ ਕਵਰ ’ਤੇ ਕੈਚ ਆਊਟ ਕਰਵਾਇਆ। ਕਪਤਾਨ ਸਟੀਵਨ ਸਮਿੱਥ (26 ਦੌੜਾਂ) ਥੋੜੀ ਦੇਰ ਕਰੀਜ਼ ’ਤੇ ਟਿਕਿਆ ਅਤੇ ਡੀਪ ਸਕੁਐਰ ਲੈੱਗ ’ਤੇ ਕੈਚ ਆਊਟ ਹੋ ਗਿਆ।
ਥੋੜੀ ਦੇਰ ਬਾਅਦ ਮਹਿੰਦਰ ਸਿੰਘ ਧੋਨੀ ਆਊਟ ਹੋ ਗਿਆ ਤੇ ਪੁਣੇ ਦੀਆਂ 12ਵੇਂ ਓਵਰ ਵਿੱਚ 71 ਦੌੜਾਂ ’ਤੇ ਚਾਰ ਵਿਕਟਾਂ ਡਿਗ ਗਈਆਂ। ਕ੍ਰਿਸਟੀਅਨ ਨੇ ਸੰਦੀਪ ਦੀ ਗੇਂਦ ’ਤੇ ਦੋ ਚੌਕੇ ਜੜੇ ਅਤੇ ਟੀਮ ਨੂੰ 163 ਦੌੜਾਂ ਤੱਕ ਪੁਚਾਇਆ, ਪਰ ਇਹ ਸਕੋਰ ਟੀਮ ਲਈ ਲਾਹੇਵੰਦ ਸਾਬਤ ਨਹੀਂ ਹੋਇਆ।    

 

 

fbbg-image

Latest News
Magazine Archive