ਡੌਲਫਿਨ ਮੱਛੀਆਂ ਦੀ ਸਾਂਭ ਸੰਭਾਲ ਲਈ ਉਪਰਾਲੇ ਸ਼ੁਰੂ

ਵਿਭਾਗ ਦੀ ਟੀਮ ਵੱਲੋਂ ਡੌਲਫਿਨ ’ਤੇ ਨਜ਼ਰ ਰੱਖਣ ਲਈ ਬਿਆਸ ਦਰਿਆ ’ਚ ਗਤੀਵਿਧੀਆਂ ਤੇਜ਼
ਅੰਮ੍ਰਿਤਸਰ - ਹਰੀਕੇ ਹੈੱਡ ਵਰਕਸ ਦੀ ਮੁਰੰਮਤ ਦੇ ਚੱਲਦਿਆਂ ਪਾਣੀ ਰੋਕੇ ਜਾਣ ਕਾਰਨ ਮੱਛੀਆਂ ਤੇ ਹੋਰ ਜੀਵ ਜੰਤੂਆਂ ਦੇ ਹੋਏ ਨੁਕਸਾਨ ਬਾਅਦ ਬਿਆਸ ਦਰਿਆ ਵਿੱਚ ਡੌਲਫਿਨ ਮੱਛੀਆਂ ਦੀ ਸਾਂਭ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ। ਹੈੱਡ ਵਰਕਸ ਦੀ ਮੁਰੰਮਤ ਕਾਰਨ 27 ਮਾਰਚ ਨੂੰ ਪਾਣੀ ਰੋਕਿਆ ਗਿਆ ਸੀ, ਜਿਸ ਕਾਰਨ ਇਸ ਇਲਾਕੇ ’ਚ ਬਣੀ ਰੱਖ ਵਿੱਚ ਪਾਣੀ ਸੁੱਕ ਗਿਆ। ਇਸ ਕਾਰਨ ਇਥੇ ਵੱਡੀ ਗਿਣਤੀ ਵਿੱਚ ਮੱਛੀਆਂ, ਕੱਛੂਕੁੰਮੇ ਤੇ ਹੋਰ ਜੀਵ ਜੰਤੂਆਂ ਦਾ ਨੁਕਸਾਨ ਹੋਇਆ।
ਹੁਣ ਪੰਜਾਬ ਜੰਗਲੀ ਜੀਵ ਤੇ ਜੰਗਲਾਤ ਵਿਭਾਗ ਵੱਲੋਂ ਵਰਲਡ ਵਾਈਡ ਫੰਡ ਫਾਰ ਨੇਚਰ (ਡਬਲਿਊਡਬਲਿਊਐਫ) ਦੇ ਸਹਿਯੋਗ ਨਾਲ ਇਥੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਜੀਵ ਜੰਤੂਆਂ  ਨੂੰ ਬਚਾਇਆ ਜਾ ਸਕੇ। ਡੌਲਫਿਨ ਮੱਛੀਆਂ ਦੀ ਮੌਜੂਦਾ ਸਥਿਤੀ ਬਾਰੇ ਪਤਾ ਲਾਉਣ ਲਈ ਸਬੰਧਤ ਵਿਭਾਗ ਦੀ ਟੀਮ ਵੱਲੋਂ ਬਿਆਸ ਦਰਿਆ ਦੇ ਉਪਰਲੇ ਹਿੱਸੇ ਵਿੱਚ ਮੱਛੀਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਪਤਾ ਲੱਗਾ ਕਿ  ਡੌਲਫਿਨ ਮੱਛੀਆਂ, ਜਿਨ੍ਹਾਂ ਨੂੰ ਪਿਛਲੇ ਦਿਨੀਂ ਦੇਖਿਆ ਗਿਆ ਸੀ, ਠੀਕ ਹਾਲਤ ਵਿੱਚ ਹਨ। ਪਰ ਇਸ ਦੇ ਬਾਵਜੂਦ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇਕਰ ਇਹ ਮੱਛੀਆਂ ਬਿਆਸ ਦਰਿਆ ਵੱਲੋਂ ਹੇਠਾਂ ਹਰੀਕੇ ਹੈੱਡ ਵਰਕਸ ਵੱਲ ਨੂੰ ਜਾਂਦੀਆਂ ਹਨ  ਤਾਂ ਇਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਫਿਰੋਜ਼ਪੁਰ ਮੰਡਲ ਦੇ ਜੰਗਲਾਤ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਲਗਪਗ 6 ਡੌਲਫਿਨ ਮੱਛੀਆਂ ਦੇਖੀਆਂ ਗਈਆਂ ਹਨ। ਇਨ੍ਹਾਂ ਨੂੰ ਬਿਆਸ ਨੇੜੇ ਗਗੜੇਵਾਲ, ਕਰਮੂੰਵਾਲ ਅਤੇ ਗੋਇੰਦਵਾਲ ਨੇੜੇ ਧੁੰਦਾ ਇਲਾਕੇ ਵਿੱਚ ਦੇਖਿਆ ਗਿਆ ਹੈ। ਇਹ ਬਿਆਸ ਦਰਿਆ ਦੇ ਉਪਰਲੇ ਹਿੱਸੇ ਵਿੱਚ ਹਨ। ਇਸ ਲਈ ਮੌਜੂਦਾ ਸਥਿਤੀ ਵਿੱਚ ਇਨ੍ਹਾਂ ਨੂੰ ਨੁਕਸਾਨ ਦੀ ਕੋਈ ਸੰਭਾਵਨਾ ਨਹੀਂ ਹੈ। ਵਿਭਾਗ ਵੱਲੋਂ ਸਾਂਭ ਸੰਭਾਲ ਲਈ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਹਰੀਕੇ ਨੇੜੇ ਬਿਆਸ ਦਰਿਆ ਵਿੱਚ ਡੌਲਫਿਨ ਮੱਛੀਆਂ 2007 ਵਿੱਚ ਦੇਖੀਆਂ ਗਈਆਂ ਸਨ। ਸਥਾਨਕ ਲੋਕ ਇਸ ਨੂੰ ਬੁੱਲੜ ਮੱਛੀ ਦੇ ਨਾਂ ਨਾਲ ਵੀ ਜਾਣਦੇ ਹਨ। ਉਸ ਬਾਅਦ ਇਸ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਡੌਲਫਿਨ ਮੱਛੀਆਂ ਦੀ ਇਹ ਕਿਸਮ ਸਿੰਧੂ ਦਰਿਆ ਵਿੱਚ ਦੇਖੀ ਗਈ ਸੀ, ਜਿਸ ਨੂੰ ਮਗਰੋਂ ਬਿਆਸ ਦਰਿਆ ਵਿੱਚ ਵੀ ਵੇਖਿਆ ਗਿਆ ਹੈ। ਡੌਲਫਿਨ, ਮੱਛੀਆਂ ਦੀ ਦੁਰਲੱਭ ਪ੍ਰਜਾਤੀ ਹੈ। ਦਰਿਆਵਾਂ ਵਿੱਚ ਰਹਿਣ ਵਾਲੀ ਇਹ ਮੱਛੀ ਦੀ ਪ੍ਰਜਾਤੀ ਨੂੰ ਡੈਮ ਬਣਾਏ ਜਾਣ ਕਾਰਨ ਨੁਕਸਾਨ ਪੁੱਜਾ ਹੈ। ਨਹਿਰੀ ਵਿਭਾਗ ਦੇ ਅਧਿਕਾਰੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 20 ਤੋਂ 30 ਫੁੱਟ ਤੱਕ ਹੈ ਜਦੋਂ ਕਿ ਹਰੀਕੇ ਰੱਖ ਵਿੱਚ ਸਥਿਤੀ ਅਜੇ ਵੀ ਠੀਕ ਨਹੀਂ ਹੈ। ਹੁਣ ਉਥੇ ਵੀ ਪਾਣੀ ਦਾ ਪੱਧਰ ਵਧਾਇਆ ਗਿਆ ਹੈ, ਜੋ ਪਹਿਲਾਂ ਸਿਰਫ਼ 1100 ਕਿਊਸਿਕ ਸੀ, ਨੂੰ ਹੁਣ ਵਧਾ ਕੇ 4660 ਕਿਊਸਿਕ ਕੀਤਾ ਗਿਆ ਹੈ। ਆਮ ਦਿਨਾਂ ਵਿੱਚ ਹਰੀਕੇ ਰੱਖ ਵਿੱਚ 30 ਹਜ਼ਾਰ ਕਿਊਸਿਕ ਦੇ ਨੇੜੇ ਪਾਣੀ ਲੰਘਦਾ ਹੈ।  ਪਾਣੀ ਦਾ ਪੱਧਰ 16 ਅਪਰੈਲ ਤੋਂ ਬਾਅਦ ਹੀ ਠੀਕ ਹੋਣ ਦੀ ਸੰਭਾਵਨਾ ਹੈ।

 

 

fbbg-image

Latest News
Magazine Archive