ਪੰਜ ਸਰਕਾਰੀ ਬੈਂਕਾਂ ਦਾ ਐਸਬੀਆਈ ’ਚ ਰਲੇਵਾਂ ਅੱਜ

ਸਹਾਇਕ ਬੈਂਕਾਂ ਦੇ ਗਾਹਕਾਂ ਦੇ ਖਾਤਿਆਂ, ਪਾਸਬੁੱਕਾਂ ਤੇ ਚੈੱਕ ਬੁੱਕਾਂ ’ਚ ਨਹੀਂ ਆਏਗੀ ਕੋਈ ਤਬਦੀਲੀ
ਤਿਰੂਵਨੰਤਪੁਰਮ - ਭਲਕੇ ਪਹਿਲੀ ਅਪਰੈਲ ਤੋਂ ਭਾਰਤੀ ਸਟੇਟ ਬੈਂਕ(ਐਸਬੀਆਈ) ਵਿੱਚ ਰਲੇਵੇਂ ਨਾਲ ਪੰਜ ਸਰਕਾਰੀ ਬੈਂਕਾਂ ਦਾ ਅਧਿਕਾਰਤ ਤੌਰ ’ਤੇ ਭੋਗ ਪੈ ਜਾਵੇਗਾ। ਜਿਨ੍ਹਾਂ ਪੰਜ ਬੈਂਕਾਂ ਦਾ ਮੁਲਕ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ’ਚ ਰਲੇਵਾਂ ਹੋਵੇਗਾ ਉਨ੍ਹਾਂ ਵਿੱਚ ਸਟੇਟ ਬੈਂਕ ਆਫ਼ ਪਟਿਆਲਾ, ਸਟੇਟ ਬੈਂਕ ਆਫ਼ ਬੀਕਾਨੇਰ ਤੇ ਜੈਪੁਰ, ਸਟੇਟ ਬੈਂਕ ਆਫ਼ ਹੈਦਰਾਬਾਦ, ਸਟੇਟ ਬੈਂਕ ਆਫ਼ ਤ੍ਰਾਵਣਕੋਰ ਤੇ ਸਟੇਟ ਬੈਂਕ ਆਫ਼ ਮੈਸੂਰ ਸ਼ਾਮਲ ਹਨ। ਰਲੇਵੇਂ ਮਗਰੋਂ ਇਨ੍ਹਾਂ ਪੰਜ ਬੈਂਕਾਂ ਦੇ ਅਸਾਸੇ ਐਸਬੀਆਈ ਨੂੰ ਤਬਦੀਲ ਹੋ ਜਾਣਗੇ। ਭਾਰਤੀ ਸਟੇਟ ਬੈਂਕ 30.72 ਲੱਖ ਕਰੋੜ ਦੇ ਅਸਾਸਿਆਂ ਨਾਲ ਮੁਲਕ ਦਾ ਸਭ ਤੋਂ ਵੱਡਾ ਜਦਕਿ ਵਿਸ਼ਵ ਦਰਜਾਬੰਦੀ ਵਿੱਚ 64ਵੇਂ ਨੰਬਰ (ਦਸੰਬਰ 2015 ਦੇ ਅੰਕੜਿਆਂ ਮੁਤਾਬਕ) ਦਾ ਬੈਂਕ ਹੈ। ਰਲੇਵੇਂ ਤੋਂ ਬਾਅਦ ਇਸ ਦੇ ਅਸਾਸੇ 40 ਲੱਖ ਕਰੋੜ ਜਦਕਿ ਆਲਮੀ ਦਰਜਾਬੰਦੀ ਵਿੱਚ ਪਹਿਲੇ 50 ਬੈਂਕਾਂ ’ਚ ਸ਼ੁਮਾਰ ਹੋਣ ਦੀ ਆਸ ਹੈ। ਐਸਬੀਆਈ ਦੇ ਸਹਾਇਕ ਬੈਂਕਾਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਤਬਾਦਲਿਆਂ ਤੇ ਹੋਰਨਾਂ ਮੁਸ਼ਕਲਾਂ ਤੋਂ ਬਚਾਉਣ ਲਈ ਵੀਆਰਐਸ ਦੀ ਪੇਸ਼ਕਸ਼ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਐਸਬੀਆਈ ’ਚ ਮਰਜ਼ ਹੋਣ ਵਾਲੇ ਪੰਜ ਬੈਂਕਾਂ ’ਚੋਂ ਸਟੇਟ ਬੈਂਕ ਆਫ਼ ਪਟਿਆਲਾ ਸਦੀ ਦੇ ਕਰੀਬ ਪੁਰਾਣਾ ਹੈ। ਬੈਂਕ, ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਯਤਨਾਂ ਸਦਕਾ ਖੇਤੀ ਤੇ ਸਨਅਤ ਦੇ ਵਿਕਾਸ ਦੇ ਟੀਚੇ ਨੂੰ ਮੁੱਖ ਰੱਖ ਕੇ 17 ਨਵੰਬਰ 1917 ਨੂੰ ਹੋਂਦ ਵਿੱਚ ਆਇਆ ਸੀ। ਹੋਰਨਾਂ ਬੈਂਕਾਂ ’ਚੋਂ ਸਟੇਟ ਬੈਂਕ ਆਫ਼ ਤ੍ਰਾਵਣਕੋਰ ਸੱਤ ਦਹਾਕੇ(72 ਸਾਲ) ਹੰਢਾ ਚੁੱਕਾ ਹੈ। ਸਾਲ 1945 ਵਿੱਚ ਤ੍ਰਾਵਣਕੋਰ ਬੈਂਕ ਲਿਮਿਟਡ ਵਜੋਂ ਸਥਾਪਤ ਹੋਇਆ ਇਹ ਬੈਂਕ 1959 ਵਿੱਚ ਐਸਬੀਆਈ ਦਾ ਸਹਾਇਕ ਬੈਂਕ ਬਣ ਗਿਆ ਸੀ। ਜਾਣਕਾਰੀ ਅਨੁਸਾਰ ਭਲਕੇ ਰਲੇਵੇਂ ਤੋਂ ਬਾਅਦ ਉਪਰੋਕਤ ਪੰਜ ਬੈਂਕਾਂ ਦੇ ਮੌਜੂਦਾ ਗਾਹਕਾਂ ਦੇ ਖਾਤਿਆਂ, ਪਾਸਬੁੱਕਾਂ ਤੇ ਚੈੱਕ ਬੁੱਕਾਂ ’ਚ ਕੋਈ ਤਬਦੀਲੀ ਨਹੀਂ ਹੋਵੇਗੀ।

 

 

fbbg-image

Latest News
Magazine Archive