ਤੇਂਦੁਲਕਰ ਵੱਲੋਂ ਭਾਰਤੀ ਟੈਸਟ ਟੀਮ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀਆਂ ਸਿਫ਼ਤਾਂ

ਮੁੰਬਈ - ਸਚਿਨ ਤੇਂਦੁਲਕਰ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਘਰੇਲੂ ਸੈਸ਼ਨ ਵਿੱਚ ਇਨ੍ਹਾਂ ਨੇ ਟੀਮ ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਨੇ ਨਿਊਜ਼ੀਲੈਂਡ, ਇੰਗਲੈਂਡ ਅਤੇ ਆਸਟਰੇਲੀਆ ਦੇ ਖਿਲਾਫ਼ ਲੜੀ ਵਿੱਚ ਬੰਗਲਦੇਸ਼ ਦੇ ਵਿਰੁੱਧ ਇੱਕੋ ਇੱਕ ਟੈਸਟ ਨੂੰ ਮਿਲਾ ਕੇ ਕੁਲ ਤੇਰਾਂ ਟੈਸਟ ਖੇਡੇ ਅਤੇ ਇਨ੍ਹਾਂ ਵਿੱਚੋਂ ਦਸ ਜਿੱਤੇ ਹਨ। ਤੇਂਦੁਲਕਰ ਨੇ ਕਿਹਾ ਕਿ ਸਾਡੀ ਟੀਮ ਦੇ ਲਈ ਇਹ ਸੈਸ਼ਨ ਸ਼ਾਂਨਦਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਚੁਣੌਤੀ ਭਰੇ ਸਮੇਂ ਵਿੱਚ ਸਾਡੇ ਸੱਤਵੇਂ, ਅੱਠਵੇਂ ਅਤੇ ਨੌਵੇਂ ਨੰਬਰ ਦੇ ਬੱਲੇਬਾਜ਼ਾਂ ਨੇ ਅਹਿਮ ਯੋਗਦਾਨ ਪਾਇਆ। ਇਹ ਪਲ ਅਹਿਮ ਹੁੰਦੇ ਹਨ ਜਦੋਂ ਟੈਸਟ ਮੈਚ ਕਿਸੇ ਵੀ ਪਾਸੇ ਜਾ ਸਕਦਾ ਹੁੰਦਾ ਹੈ। ਪਰ ਸਾਡੇ ਬੱਲੇਬਾਜ਼ਾਂ ਨੇ ਮੈਚ ਵਿਰੋਧੀ ਟੀਮ ਤੋਂ ਦੂਰ ਕਰ ਦਿੱਤਾ। ਟੀਮ ਦੀ ਮਜ਼ਬੂਤੀ ਲਈ ਇਹ ਅਹਿਮ ਹੁੰਦਾ ਹੈ ਕਿ ਉਸਦੇ ਗੇਂਦਬਾਜ਼ ਦੌੜਾਂ ਬਣਾ ਸਕਦੇ ਹੋਣ, ਵਿਕਟ ਕੀਪਰ ਸੈਂਕੜਾ ਜੜ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਟੀਮ ਦੀ ਜਿੱਤ ਲਈ ਪਹਿਲੇ ਛੇ ਬੱਲੇਬਾਜ਼ਾਂ ਤੋਂ ਬਾਅਦ ਸੱਤਵੇਂ ਅੱਠਵੇਂ ਅਤੇ ਨੌਵੇਂ ਨੰਬਰ ਦੇ ਬੱਲੇਬਾਜ਼ ਵੀ ਯੋਗਦਾਨ ਪਾਉਂਦੇ ਹਨ।
ਇਹ ਜ਼ਿਕਰਯੋਗ ਹੈ ਕਿ ਟੀਮ ਦੇ ਵਿਕਟਕੀਪਰ ਰਿੱਧੀਮਾਨ ਸਾਹਾ ਨੇ ਸੈਸ਼ਨ ਵਿੱਚ ਤਿੰਨ ਸੈਂਕੜੇ ਜੜੇ ਹਨ। ਤੇਂਦੁਲੇਕਰ ਨੇ ਉਸਦੀ ਪ੍ਰਾਪਤੀ ਨੂੰ ਸ਼ਾਨਦਾਰ ਕਰਾਰ ਦਿੱਤਾ ਹੈ। ਭਾਰਤ ਨੇ ਇਸ ਸੈਸ਼ਨ ਦੀ ਸ਼ੁਰੂਆਤ ਨਿਊਜ਼ੀਲੈਂਡ ਵਿਰੁੱਧ 3-0 ਨਾਲ ਕਲੀਨ ਸਵੀਪ ਕਰਕੇ ਕੀਤੀ। ਇਸ ਤੋਂ ਬਾਅਦ ਪੰਜ ਮੈਚਾਂ ਦੀ ਲੜੀ ਵਿੱਚ ਇੰਗਲੈਂਡ ਨੂੰ 4-0 ਨਾਲ ਹਰਾਇਆ। ਟੀਮ ਨੇ ਇਸ ਤੋਂ ਬਾਅਦ ਬੰਗਲਾਦੇਸ਼ ਤੋਂ ਇੱਕੋ ਇੱਕ ਟੈਸਟ ਜਿੱਤਿਆ। ਫਿਰ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਆਸਟਰੇਲੀਆ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ 2-1 ਨਾਲ ਹਰਾਇਆ।   
ਪੁਜਾਰਾ ਅਤੇ ਉਮੇਸ਼ ਦੀਆਂ ਪ੍ਰਾਪਤੀਆਂ ਗਿਣਾਈਆਂ
ਮੁੰਬਈ: ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ਾਂ ਵਿੱਚ ਚੇਤੇਸ਼ਵਰ ਪੁਜਾਰਾ ਜਿਵੇਂ ਸਹਿਜ ਹੋ ਕੇ ਲੰਬੀਆਂ ਪਾਰੀਆਂ ਖੇਡਦਾ ਹੈ, ਉਸ ਲਈ ਤਾਰੀਫ ਕਰਦਿਆਂ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਉਸਨੂੰ ‘ ਮੂਕ ਯੋਧਾ’ ਕਰਾਰ ਦਿੱਤਾ ਹੈ। ਧਰਮਸ਼ਾਲਾ ਵਿੱਚ ਆਸਟਰੇਲੀਆ ਦੇ ਖਿਲਾਫ ਚੌਥੇ ਅਤੇ ਆਖਰੀ ਟੈਸਟ ਦੌਰਾਨ ਪੁਜਾਰਾ ਨੇ ਇੱਕ ਟੈਸਟ ਸੈਸ਼ਨ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਦਾ ਗੌਤਮ ਗੰਭੀਰ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਉੱਤੇ ਟਿੱਪਣੀ ਕਰਦਿਆਂ ਤੇਂਦੁਲਕਰ ਨੇ ਕਿਹਾ ਕਿ ਉਹ ਪੁਜਾਰਾ ਦੀ ਇਕਾਗਰਤਾ, ਅਨੁਸ਼ਾਸਨ ਅਤੇ ਪ੍ਰਤੀਬੱਧਤਾ ਤੋਂ ਪ੍ਰਭਾਵਿਤ ਹੈ। ਉਨ੍ਹਾਂ ਨੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਵੀ ਕਾਫੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਉਮੇਸ਼ ਅਜਿਹਾ ਗੇਂਦਬਾਜ਼ ਹੈ ਜੋ ਸਮੇਂ ਦੇ ਨਾਲ ਬਿਹਤਰ ਹੋ ਰਿਹਾ ਹੈ।

 

 

fbbg-image

Latest News
Magazine Archive