ਤਾਮਿਲ ਨਾਡੂ ਨੇ ਜਿੱਤੀ ਵਿਜੈ ਹਜ਼ਾਰੇ ਟਰਾਫੀ


ਨਵੀਂ ਦਿੱਲੀ - ਸੀਨੀਅਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਸ਼ਾਨਦਾਰ ਸੈਂਕੜੇ ਦੀ ਪਾਰੀ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਾਮਿਲ ਨਾਡੂ ਨੇ ਵਿਜੈ ਹਜ਼ਾਰੇ ਟਰਾਫੀ ਦੇ ਇੱਕ-ਰੋਜ਼ਾ ਕ੍ਰਿਕਟ ਟੂਰਨਾਮੈਂਟ ’ਚ ਅੱਜ ਬੰਗਾਲ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਤਾਮਿਲ ਨਾਡੂ ਨੇ ਇਸ ਕੌਮੀ ਇੱਕ-ਰੋਜ਼ਾ ਚੈਂਪੀਅਨਸ਼ਿਪ ’ਚ ਤੀਜੀ ਵਾਰ ਬੰਗਾਲ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ 2008-09 ਅਤੇ 2009-10 ’ਚ ਵੀ ਤਾਮਿਲ ਨਾਡੂ ਨੇ ਬੰਗਾਲ ਨੂੰ ਮਾਤ ਦਿੱਤੀ ਸੀ।
ਤਾਮਿਲ ਨਾਡੂ ਨੇ 47.2 ਓਵਰ ’ਚ 217 ਦੌੜਾਂ ਬਣਾਈਆਂ ਜਿਸ ’ਚ ਕਾਰਤਿਕ ਦੀਆਂ 112 ਦੌੜਾਂ ਸ਼ਾਮਲ ਸਨ। ਕਾਰਤਿਕ ਨੇ ਆਪਣੀ ਪਾਰੀ ’ਚ 14 ਚੌਕੇ ਲਗਾਏ। ਬੰਗਾਲ ਲਈ ਮੁਹੰਮਦ ਸ਼ਮੀ ਨੇ 26 ਦੌੜਾਂ ਦੇ ਕੇ ਚਾਰ ਅਤੇ ਅਸ਼ੋਕ ਡਿੰਡਾ ਨੇ 36 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਤਾਮਿਲ ਨਾਡੂ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਨੂੰ 180 ਦੌੜਾਂ ’ਤੇ ਹੀ ਸਮੇਟ ਦਿੱਤਾ। ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਨੂੰ ਕੋਈ ਵਿਕਟ ਨਹੀਂ ਮਿਲੀ, ਪਰ ਉਸ ਬੇਹੱਦ ਕਿਫਾਇਤੀ ਗੇਂਦਬਾਜ਼ੀ ਕਰਦਿਆਂ ਸਿਰਫ਼ 17 ਦੌੜਾਂ ਦਿੱਤੀਆਂ। ਸ੍ਰੀਵਤਸ ਗੋਸਵਾਮੀ (23) ਅਤੇ ਅਭਿਮੰਨਿਊ ਈਸ਼ਵਰਨ (1) ਸਸਤੇ ’ਚ ਹੀ ਆਊਟ ਹੋ ਗਏ। ਕਪਤਾਨ ਮਨੋਜ ਤਿਵਾੜੀ ਵੀ ਸਿਰਫ਼ 32 ਦੌੜਾਂ ਹੀ ਬਣਾ ਸਕਿਆ ਅਤੇ ਵਿਜੈ ਸ਼ੰਕਰ ਨੇ ਉਸ ਨੂੰ ਬੋਲਡ ਕਰ ਦਿੱਤਾ। ਸੁਦੀਪ ਚੈਟਰਜੀ (58) ਅਤੇ ਅਨੂਸਤੂਪ ਮਜੂਮਦਾਰ (24) ਨੇ ਪੰਜਵੀਂ ਵਿਕਟ ਲਈ 65 ਦੌੜਾਂ ਜੋੜੀਆਂ। ਸਪਿੰਨਰ ਰਾਹਿਲ ਸ਼ਾਹ ਨੇ ਇਸ ਭਾਈਵਾਲੀ ਨੂੰ ਤੋੜਿਆ।

 

 

fbbg-image

Latest News
Magazine Archive