ਖੇਤੀ ਸੰਕਟ: ਵਿਰੋਧੀ ਧਿਰ ਨੇ ਘੇਰੀ ਮੋਦੀ ਸਰਕਾਰ


ਨਵੀਂ ਦਿੱਲੀ - ਖੇਤੀ ਸੰਕਟ ਦੇ ਆਧਾਰ ’ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਦਿਆਂ ਸਿਰਫ਼ ਉੱਤਰ ਪ੍ਰਦੇਸ਼ ਦੇ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਅੱਜ ਸੰਸਦ ਵਿੱਚ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਯੂਪੀ ਵਿੱਚ ਨਵੀਂ ਬਣੀ ਭਾਜਪਾ ਸਰਕਾਰ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗੀ ਅਤੇ ਇਸ ਦਾ ਭਾਰ ਕੇਂਦਰ ਵੱਲੋਂ ਚੁੱਕਿਆ ਜਾਵੇਗਾ।
ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਕੀਤੀ ਮੰਗ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਕੋਈ ਭਰੋਸਾ ਨਹੀਂ ਦਿੱਤਾ। ਇਸ ਦੇ ਰੋਸ ਵਜੋਂ ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਅਤੇ ਵਿਰੋਧੀ ਧਿਰ ਕਾਂਗਰਸ ਦੇ ਸੰਸਦ ਮੈਂਬਰ ਵਾਕਆਊਟ ਕਰ ਗਏ।
ਖੇਤੀਬਾੜੀ ਮੰਤਰਾਲੇ ਲਈ ਗਰਾਂਟਾਂ ਸਬੰਧੀ ਮੰਗਾਂ ’ਤੇ ਬਹਿਸ ਦੌਰਾਨ ਇਨੈਲੋ ਆਗੂ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਭਾਜਪਾ ਨੇ ਯੂਪੀ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਤਾਂ ਕੀਤਾ ਹੈ, ਪਰ ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਆਰਬੀਆਈ ਨੂੰ ਲੱਗ ਰਿਹਾ ਹੈ ਕਿ ਇਸ ਦਾ ਮਾੜਾ ਅਸਰ ਪਵੇਗਾ। ਇਸ ਟਿੱਪਣੀ ’ਤੇ ਆਪਣਾ ਪੱਖ ਰੱਖਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੁਝ ਸੂਬਿਆਂ ਵਿੱਚ ਕੇਂਦਰ ਸਰਕਾਰ ਵਿਆਜ ਦਾ ਤਿੰਨ ਫ਼ੀਸਦ ਦੇਵੇਗੀ ਅਤੇ ਬਾਕੀ ਚਾਰ ਫ਼ੀਸਦ ਰਾਜ ਸਰਕਾਰਾਂ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂੁਪੀ ਵਿੱਚ ਉਨ੍ਹਾਂ ਦੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇ ਸਰਕਾਰ ਬਣੀ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਇਸ ਦਾ ਭਾਰ ਕੇਂਦਰ ਚੁੱਕੇਗਾ। ਉਨ੍ਹਾਂ ਨੇ ਚੌਟਾਲਾ ਵੱਲੋਂ ਲਾਏ ਦੂਹਰੇ ਮਾਪਦੰਡ ਅਪਨਾਉਣ ਦੇ ਦੋਸ਼ ਰੱਦ ਕੀਤੇ। ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਸਾਰੇ ਦੇਸ਼ ਲਈ ਇੱਕੋ ਜਿਹਾ ਕੰਮ ਕਰੇ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਿਹਾ ਕਿ ਪਿਛਲੇ ਸਾਲ 12 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਸੰਕਟ ਦੇ ਹੱਲ ਲਈ ਕੋਈ ਠੋਸ ਯੋਜਨਾ ਲਿਆਵੇ ਕਿਉਂਕਿ ਅਜਿਹਾ ਨਾ ਕਰਨ ’ਤੇ ਸਮੁੱਚੇ ਅਰਥਚਾਰੇ ਨੂੰ ਸੱਟ ਵੱਜ ਸਕਦੀ ਹੈ।
ਮਹਾਰਾਸ਼ਟਰ ਵਿੱਚ ਕਿਸਾਨ ਖ਼ੁਦਕੁਸ਼ੀਆਂ ਸਬੰਧੀ ਗੱਲਬਾਤ ਕਰਦਿਆਂ ਐਨਸੀਪੀ ਦੇ ਸੰਸਦ ਮੈਂਬਰ ਧਨੰਜਯ ਮਹਾਦਿਕ ਨੇ ਕਿਹਾ ਕਿ ਸਰਕਾਰ ਮਜ਼ਬੂਤ ਢੰਗ ਨਾਲ ਕਿਸਾਨਾਂ ਦੀ ਮਦਦ ਕਰੇ। ਫ਼ਸਲਾਂ ਦੇ ਬੀਮਾ ਵਿੱਚ ਵਾਧੇ ਸਮੇਤ ਕਾਰਗਰ ਮਾਰਕੀਟਿੰਗ ਪ੍ਰਬੰਧ ਲਿਆਂਦਾ ਜਾਵੇ। ਕਿਸਾਨ ਖ਼ੁਦਕੁਸ਼ੀਆਂ ਘਟਾਉਣ ਲਈ ਸਰਕਾਰ ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇ। 

 

 

fbbg-image

Latest News
Magazine Archive