ਆਸਟਰੇਲੀਆ ਨੇ ਪਹਿਲੇ ਦਿਨ ਚਾਰ ਵਿਕਟਾਂ ’ਤੇ ਬਣਾਈਆਂ 299 ਦੌੜਾਂ


ਰਾਂਚੀ - ਕਪਤਾਨ ਸਟੀਵ ਸਮਿਥ ਦੇ ਸ਼ੈਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇਥੇ ਭਾਰਤ ਖ਼ਿਲਾਫ਼ ਤੀਜੇ ਟੈਸਟ ਦੇ ਪਹਿਲੇ ਦਿਨ ਸ਼ੁਰੂਆਤੀ ਝਟਕਿਆਂ ਤੋਂ ਸੰਭਲਦਿਆਂ ਚਾਰ ਵਿਕਟਾਂ ਦੇ ਨੁਕਸਾਨ ’ਤੇ 299 ਦੌੜਾਂ ਬਣਾਈਆਂ। ਦੂਜੇ ਟੈਸਟ ਵਿੱਚ ਉਸ ਕਾਰਨ ਡੀਆਰਐਸ ਵਿਵਾਦ ਪੈਦਾ ਹੋਇਆ ਸੀ, ਪਰ ਸਮਿਥ ਨੇ ਇਸ ਨੂੰ ਭੁਲਾਉਂਦਿਆਂ ਆਪਣੇ 19 ਵੇਂ ਸੈਂਕੜੇ ਦੌਰਾਨ ਬਿਹਤਰੀਨ ਜਜ਼ਬਾ ਦਿਖਾਇਆ ਅਤੇ ਉਹ 117 ਦੌੜਾਂ ਬਣਾ ਕੇ ਕ੍ਰੀਜ ’ਤੇ ਡਟਿਆ ਹੋਇਆ ਹੈ। ਭਾਰਤੀ ਗੇਂਦਬਾਜ਼ ਉਸ ਨੂੰ ਪ੍ਰੇਸ਼ਾਨ ਨਹੀਂ ਕਰ ਸਕੇ। ਉਥੇ ਢਾਈ ਸਾਲ ਤੋਂ ਬਾਅਦ ਟੈਸਟ ਟੀਮ ਵਿੱਚ ਵਾਪਸੀ ਕਰਨ ਵਾਲੇ ਗਲੈਨ ਮੈਕਸਵੈੱਲ 82 ਦੌੜਾਂ ਬਣਾ ਕੇ ਮੈਦਾਨ ’ਤੇ ਮੌਜੂਦ ਹੈ। ਉਸ ਨੇ ਕਪਤਾਨ ਨਾਲ ਮਜ਼ਬੂਤ ਪਾਰੀ ਖੇਡੀ। ਉਨ੍ਹਾਂ ਨੇ ਪੰਜਵੀਂ ਵਿਕਟ ਲਈ 47.4 ਓਵਰ ਵਿੱਚ 159 ਦੌੜਾਂ ਬਣਾਈਆਂ। ਮੈਕਸਵੈੱਲ ਸਪਿੰਨ ਖੇਡਦਾ ਹੈ ਜਿਸ ਕਾਰਨ ਸਮਿਥ ਨੂੰ ਆਪਣੀ ਖੇਡ ’ਤੇ ਧਿਆਨ ਕੇਂਦਰਤ ਕਰਨ ’ਚ ਮਦਦ ਮਿਲੀ।  ਇਹ ਟੈਸਟ ਕਿ੍ਕਟ ਵਿੱਚ ਮੈਕਸਵੈੱਲ ਦਾ ਪਹਿਲਾ 50 ਦੌੜਾਂ ਤੋਂ ਵਧ ਦਾ ਸਕੋਰ ਹੈ। ਆਸਟਰੇਲਿਆਈ ਟੀਮ 500 ਦੌੜਾਂ ਤੋਂ ਵਧ ਦਾ ਸਕੋਰ ਬਣਾ ਕੇ ਭਾਰਤ ਨੂੰ ਪਹਿਲੀ ਪਾਰੀ ਦੌਰਾਨ ਹੀ ਮੈਚ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰੇਗੀ।
ਮਹਿਮਾਨ ਟੀਮ ਨੇ 140 ਦੌੜਾਂ ’ਤੇ ਆਪਣਾ ਚੌਥਾ ਵਿਕਟ ਗੁਆਇਆ, ਜੋ ਉਮੇਸ਼ ਯਾਦਵ ਨੇ 19 ਵੇਂ ਓਵਰ ਵਿੱਚ ਹਾਸਲ ਕੀਤਾ। ਉਸ ਨੇ 63 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਸ ਨੇ ਬਿਹਤਰੀਨ ਰਿਵਰਸ ਸਵਿੰਗ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ।
ਅੱਜ ਦਾ ਦਿਨ ਸਮਿਥ ਦੇ ਨਾਂ ਰਿਹਾ। ਉਸ ਨੇ ਭਾਰਤ ਖ਼ਿਲਾਫ ਪਹਿਲੇ ਸੱਤ ਮੈਚਾਂ ਵਿੱਚ ਆਪਣਾ ਛੇਵਾਂ ਸੈਂਕੜਾ ਬਣਾਇਆ। ਸ਼ੁਰੂ ਵਿੱਪ ਪਿੱਚ ਧੀਮੀ ਸੀ ਅਤੇ ਭਾਰਤ ਦੇ ਦੋਵੇਂ ਸਪਿੰਨਰਾਂ ਨੂੰ ਇਸ ਤੋਂ ਕੋਈ ਟਰਨ ਨਹੀਂ ਮਿਲਿਆ। ਪਿੱਚ ਤੋਂ ਕੋਈ ਮਦਦ ਨਾ ਮਿਲਣ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ 23 ਓਵਰਾਂ ਵਿੱਚ 78 ਦੌੜਾਂ ਦੇ ਕੇ ਇਕ ਵਿਕਟ, ਰਵਿੰਦਰ ਜਡੇਜਾ ਨੇ 30 ਓਵਰਾਂ ਵਿੱਚ 80 ਦੌੜਾਂ ਦੇ ਕੇ ਇਕ ਵਿਕਟ ਲਈ। ਸਮਿਥ ਨੇ ਆਪਣੀ ਪਾਰੀ ਦੌਰਾਨ 13 ਚੌਕੇ ਮਾਰੇ। ਉਸ ਨੇ 53 ਵੇਂ ਟੈਸਟ ਵਿੱਚ 5000 ਦੌੜਾਂ ਪੂਰੀਆਂ ਕੀਤੀਆਂ। ਉਹ ਉਦੋਂ ਬੱਲੇਬਾਜ਼ੀ ਲਈ ਮੈਦਾਨ ’ਚ ਆਇਆ ਜਦੋਂ ਉਮੇਸ਼ ਚੰਗੀ ਗੇਂਦਬਾਜ਼ੀ ਕਰ ਰਿਹਾ ਸੀ। ਉਸ ਨੇ ਉਸ ਦੀ  ਗੇਂਦਬਾਜ਼ੀ ਨੂੰ ਸਮਝਿਆ ਅਤੇ ਮਗਰੋਂ ਭਾਰਤੀ ਗੇਂਦਬਾਜ਼ਾਂ ਦਾ ਆਸਾਨੀ ਨਾਲ ਸਾਹਮਣਾ ਕੀਤਾ। ਸਮਿਥ ਨੇ ਕੋਈ ਜਲਦਬਾਜ਼ੀ ਨਹੀਂ ਦਿਖਾਈ ਪਰ ਤੇਜ਼ੀ ਨਾਲ ਦੌੜਾਂ ਬਣਾਈਆਂ। ਮੈਕਸਵੈੱਲ ਨੇ ਦੂਜੇ ਸਿਰੇ ਨੂੰ ਸਾਂਭਿਆ। ਉਸ ਨੇ ਪੰਜ ਚੌਕੇ ਅਤੇ ਜਡੇਜਾ ਦੀਆਂ ਗੇਂਦਾਂ ’ਤੇ ਦੋ ਛੱਕੇ ਮਾਰੇ।
ਸਮਿੱਥ ਨੇ ਮੁਰਲੀ ਵਿਜੈ ਦੀ ਗੇਂਦ ਨੂੰ ਲਾਂਗ ਆਨ ਬਾਊਂਡਰੀ ’ਤੇ ਪਹੁੰਚਾ ਕੇ ਲੜੀ ਵਿੱਚ 227 ਗੇਂਦਾਂ ’ਤੇ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ। ਸਰ ਡਾਨ ਬ੍ਰੈਡਮੈਨ ਨੇ ਆਪਣੇ 36ਵੇਂ ਟੈਸਟ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ, ਜਦੋਂ ਕਿ ਗਾਵਸਕਰ ਨੇ 52 ਮੈਚਾਂ ਵਿੱਚ ਪੰਜ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਮੈਕਸਵੈੱਲ ਨੇ ਸੋਚ ਸਮਝ ਕੇ ਆਪਣੀ ਪਾਰੀ ਅੱਗੇ ਵਧਾਈ। ਉਸ ਨੇ 52ਵੀਂ ਗੇਂਦ ’ਤੇ ਬਾਊਂਡਰੀ ਲਗਾਈ। ਉਸ ਨੇ ਜਡੇਜਾ ਦੀ ਗੇਂਦ ’ਤੇ ਛੱਕਾ ਮਾਰ ਕੇ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ।
ਭਾਰਤ ਨੇ 86 ਵੇਂ ਓਵਰ ਵਿੱਚ ਨਵੀਂ ਗੇਂਦ ਲਈ ਪਰ ਫਿਰ ਵੀ ਉਸ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਪਹਿਲਾਂ ਦੂਜੇ ਦੌਰ ਵਿੱਚ ਆਸਟਰੇਲੀਆ ਨੇ ਪੀਟਰ ਹੈਂਡਸਕੌਂਬ(19) ਦਾ ਵਿਕਟ ਗੁਆਇਆ ਤੇ 30 ਵੇਂ ਓਵਰ ਵਿੱਚ 85 ਦੌੜਾਂ ਜੋੜੀਆਂ। ਮੇਜ਼ਬਾਨ ਟੀਮ ਨੇ ਪਹਿਲੇ ਦੋ ਘੰਟਿਆਂ ਵਿੱਚ ਤਿੰਨ ਅਹਿਮ ਵਿਕਟਾਂ ਹਾਸਲ ਕੀਤੀਆਂ ਅਤੇ ਆਸਟਰੇਲੀਆ ਦਾ ਸਕੋਰ ਤਿੰਨ ਵਿਕਟਾਂ ਲਈਆਂ ਉਦੋਂ ਆਸਟਰੇਲੀਆ ਦਾ ਸਕੋਰ 109 ਦੌੜਾਂ ਸੀ। ਦੂਜਾ ਸੈਸ਼ਨ ਕੁਝ ਨਿਰਾਸ਼ਾਵਾਲਾ ਰਿਹਾ। ਸਵੇਰੇ ਦੇ ਸੈਸ਼ਨ ਵਿੱਚ ਕੋਹਲੀ ਜ਼ਖ਼ਮੀ ਹੋ ਗਿਆ।
ਭਾਰਤ ਗੇਂਦਬਾਜ਼ਾਂ ਵਿੱਚ ਉਮੇਸ਼ ਯਾਦਵ ਪ੍ਰਭਾਵਸ਼ਾਲੀ ਰਿਹਾ। ਉਸ ਨੇ ਦੂਜੇ ਸੈਸ਼ਨ ਵਿੱਚ ਇਕ ਵਿਕਟ ਲਿਆ। ਹੈਂਡਸਕੌਂਬ ਉਸ ਦੀ ਸ਼ਾਨਦਾਰ ਅੰਦਰੂਨੀ ਸਵਿੰਗ ਯਾਰਕਰ ’ਤੇ ਟੰਗ ਅੜਿੱਕਾ ਆਊਟ ਹੋਇਆ। ਉਸ ਦੇ ਜਾਣ ਤੋਂ ਬਾਅਦ ਸਮਿਥ ਨੂੰ ਮੈਕਸਵੈੱਲ ਦੇ ਰੂਪ ਵਿੱਚ ਚੰਗਾ ਸਾਥੀ ਮਿਲਿਆ। ਇਸ ਤੋਂ ਪਹਿਲਾਂ ਸਮਿਥ ਨੇ ਟਾਸ ਜਿੱਤੀ ਅਤੇ ਸਲਾਮੀ ਬੱਲੇਬਾਜ਼ ਮੈਟ ਰੇਨਸ਼ਾਅ ਅਤੇ ਡੇਵਿਡ ਵਾਰਨਰ ਨੂੰ ਮੈਦਾਨ ’ਤੇ ਉਤਾਰਿਆ। ਉਨ੍ਹਾਂ ਨੇ ਚੰਗੀ ਸ਼ੁਰੂਆਤ ਕੀਤੀ ਤੇ ਟੀਮ ਨੇ 9.3 ਓਵਰਾਂ ਵਿੱਚ ਬਿਨਾਂ ਵਿਕਟ ਗੁਆਏ 50 ਦੌੜਾਂ ਬਣਾਈਆਂ। ਪਰ 10ਵੇਂ ਓਵਰ ਤੋਂ ਬਾਅਦ ਸਪਿੰਨਰਾਂ ਨੂੰ ਲਾਇਆ ਗਿਆ। ਰਵਿੰਦਰ ਜਡੇਜਾ ਨੇ 49 ਦੌੜਾਂ ਦੇ ਕੇ ਇਕ ਵਿਕਟ ਲਈ। ਉਸ ਨੇ ਆਪਣੇ ਪਹਿਲੇ ਓਵਰ ਵਿਚ ਵਾਰਨਰ(19) ਨੂੰ ਆਊਟ ਕੀਤਾ। ਮੈਟ ਰੇਨਸ਼ਾਅ 44 ਦੌੜਾਂ ਬਣਾ ਕੇ ਆਊਟ ਹੋਇਆ। ਉਮੇਸ਼ ਯਾਦਵ ਨੇ ਉਸ ਦੀ ਵਿਕਟ ਲਈ। ਆਫ ਸਪਿੰਨਰ ਅਸ਼ਵਿਨ ਨੇ ਸ਼ਾਨ ਮਾਰਸ਼ (02) ਨੂੰ ਆਊਟ ਕੀਤਾ। ਭਾਰਤ ਨੇ ਇਸ ਲਈ ਡੀਆਰਐਸ ਲਿਆ ਜੋ ਉਸ ਦੇ ਪੱਖ ਵਿੱਚ ਰਿਹਾ। ਭਾਰਤ ਨੇ ਇਕ ਬਦਲਾਅ ਕੀਤਾ ਅਤੇ ਅਭਿਨਵ ਮੁਕੁੰਦ ਦੀ ਥਾਂ ਮੁਰਲੀ ਵਿਜੈ ਨੂੰ ਟੀਮ ਵਿੱਚ ਸ਼ਾਮਲ ਕੀਤਾ। ਆਸਟਰੇਲੀਆ ਨੂੰ ਦੋ ਬਦਲਾਅ ਕਰਨੇ ਪਏ ਕਿਉਂਕਿ ਉਸ ਦੇ ਦੋ ਖਿਡਾਰੀ ਮਿਸ਼ੇਲ ਮਾਰਸ਼ ਅਤੇ ਮਿਸ਼ੇਲ ਸਟਾਰਕ ਜ਼ਖਮੀ ਹੋ ਗਏ ਹਨ। ਉਨ੍ਹਾਂ ਦੀ ਥਾਂ ਗਲੈਨ ਮੈਕਸਵੈੱਲ ਅਤੇ ਪੈਟ ਕਮਿੰਸ ਨੂੰ ਸ਼ਾਮਲ ਕੀਤਾ ਗਿਆ ਹੈ।  
ਬਰੈਡਮੈਨ, ਗਾਵਸਕਰ ਤੋਂ ਬਾਅਦ ਤੀਜੇ ਨੰਬਰ ’ਤੇ ਪੁੱਜਿਆ ਸਮਿਥ
ਰਾਂਚੀ: ਭਾਰਤ ਖ਼ਿਲਾਫ਼ ਤੀਜੇ ਟੈਸਟ ਮੈਚ ਵਿੱਚ ਸ਼ਾਨਦਾਰ ਸੈਂਕੜਾ ਬਣਾਉਣ ਵਾਲੇ ਆਸਟਰੇਲਿਆਈ ਕਪਤਾਨ ਸਟੀਵਨ ਸਮਿਥ ਨੇ ਜਿਥ 5000 ਟੈਸਟ ਦੌੜਾਂ ਪੂਰੀਆਂ ਕੀਤੀਆਂ ਉਥੇ ਹਮਵਤਨ ਮਹਾਨ ਕਿ੍ਕਟਰ ਡਾਨ ਬਰੈਡਮੈਨ ਅਤੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਤੋਂ ਬਾਅਦ ਸਭ ਤੋਂ ਘੱਟ ਮੈਚਾਂ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਤੀਜਾ ਖਿਡਾਰੀ ਬਣਿਆ। ਬਰੈਡਮੈਨ ਨੇ ਇਹ ਅੰਕੜਾ 36 ਮੈਚਾਂ ਜਦੋਂ ਕਿ ਗਾਵਸਕਰ ਨੇ 52 ਮੈਚਾਂ ਵਿੱਚ CRICKET-IND-AUSਪੂਰਾ ਕੀਤਾ ਸੀ। ਉਸ ਨੇ 53ਵੇਂ ਮੈਚ ਵਿੱਚ ਪੰਜ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਉਹ ਦੁਨੀਆਂ ਦਾ 89ਵਾਂ ਅਤੇ ਆਸਟਰੇਲੀਆ ਦਾ 20ਵਾਂ ਖਿਡਾਰੀ ਹੈ ਜਿਸ ਨੇ ਇਹ ਪ੍ਰਾਪਤ ਹਾਸਲ ਕੀਤੀ ਹੈ।
ਗੇਂਦ ਰੋਕਣ ਦੀ ਕੋਸ਼ਿਸ਼ ’ਚ ਕੋਹਲੀ ਜ਼ਖ਼ਮੀ
ਭਾਰਤੀ ਕਪਤਾਨ ਵਿਰਾਟ ਕੋਹਲੀ ਅੱਜ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਏ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਫੀਲਡਿੰਗ ਕਰਦਿਆਂ ਮੋਢੇ ’ਤੇ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਕਾਰਨ ਉਸ ਨੂੰ ਮੈਦਾਨ ਵਿਚੋਂ ਬਾਹਰ ਬੈਠਣਾ ਪਿਆ। 40ਵੇਂ ਓਵਰ ਵਿੱਚ ਗੇਂਦ ਨੂੰ ਬਾਊਂਡਰੀ ਦੇ ਪਾਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਵਿਰਾਟ ਨੇ ਛਾਲ ਲਾਈ ਅਤੇ ਉਹ ਮੋਢੇ ਭਾਰ ਜ਼ਮੀਨ ’ਤੇ ਡਿੱਗਿਆ। ਟੀਮ ਦੇ ਫਿਜ਼ੀਓ ਪੈਟਰਿਕ ਫਰਹਾਰਟ ਮੈਦਾਨ ’ਤੇ ਪੁੱਜੇ ਅਤੇ ਵਿਰਾਟ ਨੂੰ ਬਾਹਰ ਲੈ ਗਏ। ਸੂਤਰਾਂ ਮੁਤਾਬਿਕ ਕੋਹਲੀ ਦੀ ਸੱਟ ਗੰਭੀਰ ਨਹੀਂ ਹੈ।

 

 

fbbg-image

Latest News
Magazine Archive