ਕੈਪਟਨ ਸਰਕਾਰ ਦੀ ਹਲਫ਼ਦਾਰੀ ਅੱਜ


ਚੰਡੀਗੜ੍ਹ - ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਨਾਲ ਹੀ ਵਜ਼ਾਰਤ ਵਿੱਚ ਲਏ ਜਾ ਰਹੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਦੀ ਤਿਆਰੀ ਵੀ ਲਗਪਗ ਮੁਕੰਮਲ ਹੈ। ਸੰਭਵ ਹੈ ਕਿ ਕਰ ਤੇ ਆਬਕਾਰੀ ਮੰਤਰੀ ਭਲਕੇ ਹੀ ਆਪਣੇ ਵਿਭਾਗ ਦੀ ਮੀਟਿੰਗ ਕਰ ਕੇ ਆਬਕਾਰੀ ਨੀਤੀ ਬਾਰੇ ਚਰਚਾ ਕਰਨ।
ਰਾਜ ਭਵਨ ਵਿੱਚ ਸੰਖੇਪ ਤੇ ਸਾਦਾ ਸਹੁੰ ਚੁੱਕ ਸਮਾਗਮ ਸਵੇਰੇ 10.17 ਵਜੇ ਸ਼ੁਰੂ ਹੋਵੇਗਾ। ਰਾਜਪਾਲ ਵੀ.ਪੀ. ਬਦਨੌਰ ਸਹੁੰ ਚੁਕਾਉਣਗੇ ਤੇ ਸਮਾਗਮ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ, ਕਪਿਲ ਸਿੱਬਲ, ਅਸ਼ਵਨੀ ਕੁਮਾਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜਸਥਾਨ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਸਮੇਤ ਕੁਝ ਹੋਰ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨਵੀਂ ਸਰਕਾਰ ਸਾਹਮਣੇ ਕੁਝ ਬਹੁਤ ਜ਼ਰੂਰੀ ਕੰਮ ਹਨ, ਜਿਹੜੇ ਫੌਰੀ ਧਿਆਨ ਮੰਗਦੇ ਹਨ। ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 31 ਮਾਰਚ ਤੋਂ ਪਹਿਲਾਂ ਕੀਤੀ ਜਾਣੀ ਹੈ ਤੇ ਨਿਲਾਮੀ ਤੋਂ ਪਹਿਲਾਂ ਆਬਕਾਰੀ ਨੀਤੀ ਤਿਆਰ ਕਰਨੀ ਪਵੇਗੀ। ਇਸ ਦੀ ਪ੍ਰਵਾਨਗੀ ਵਜ਼ਾਰਤ ਕੋਲੋਂ ਲੈਣੀ ਹੋਵੇਗੀ।
ਮੁੱਖ ਮੰਤਰੀ ਨੇ ਆਪਣੇ ਕੋਲ ਗ੍ਰਹਿ, ਪ੍ਰਸੋਨਲ, ਹਾਊਸਿੰਗ, ਸ਼ਹਿਰੀ ਹਵਾਬਾਜ਼ੀ  ਸਮੇਤ ਕੁਝ ਹੋਰ ਵਿਭਾਗ ਰੱਖੇ ਹਨ। ਸੂਬੇ ਦਾ ਵਿੱਤ, ਕਰ ਤੇ ਆਬਕਾਰੀ ਵਿਭਾਗ ਬਠਿੰਡਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤਾ ਜਾ
ਰਿਹਾ ਹੈ ਤੇ ਸਭ ਤੋਂ ਵੱਧ ਕੰਮ ਉਨ੍ਹਾਂ ਸਾਹਮਣੇ ਹੈ। ਉਨ੍ਹਾਂ ਨੂੰ ਸੂਬੇ ਦੀ ਨਵੀਂ ਆਬਕਾਰੀ ਨੀਤੀ ਬਣਾਉਣੀ ਪਵੇਗੀ ਤੇ ਦੂਜਾ ਬਜਟ ਜਲਦੀ ਪੇਸ਼ ਨਹੀਂ ਕੀਤਾ ਜਾ ਸਕੇਗਾ। ਇਸ ਲਈ ਸੂਬੇ ਦਾ ਕੰਮਕਾਜ ਚਲਾਉਣ ਲਈ ਵਿਧਾਨ ਸਭਾ ਕੋਲੋਂ ‘ਵੋਟ ਆਨ ਅਕਾਊਂਟ’ ਪਾਸ ਕਰਵਾਉਣਾ ਪਵੇਗਾ। ਇਸ ਕਰ ਕੇ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਸੈਸ਼ਨ 24 ਮਾਰਚ ਤੋਂ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਬਕਾ ਕ੍ਰਿਕਟਰ ਤੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੁੂ ਨੂੰ ਸਥਾਨਕ ਸਰਕਾਰ ਵਿਭਾਗ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਸੂਬੇ ਦੇ ਸ਼ਹਿਰਾਂ ਨੂੰ ਬਿਹਤਰ ਬਣਾਉਣ ਲਈ ਯੋਜਨਾਵਾਂ ਨੂੰ ਨੇਪਰੇ ਚਾੜ੍ਹ ਸਕਣ। ਰਾਣਾ ਗੁਰਜੀਤ ਸਿੰਘ ਨੂੰ ਖੇਤੀਬਾੜੀ ਵਿਭਾਗ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਿਹਤ ਜਾਂ ਸਨਅਤ ਵਿੱਚੋਂ ਇਕ ਵਿਭਾਗ ਦੇਣ ਦੀ ਚਰਚਾ ਹੈ। ਕਾਂਗਰਸ ਵਿਧਾਇਕ ਦਲ ਦੇ ਸਾਬਕਾ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਸਿੱਖਿਆ ਵਿਭਾਗ, ਸੀਨੀਅਰ ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਸਮਾਜ ਭਲਾਈ ਵਿਭਾਗ ਦੇਣ ਦੀ ਤਿਆਰੀ ਹੈ।
ਵਜ਼ਾਰਤ ਵਿੱਚ ਸ਼ਾਮਲ ਕੀਤੀਆਂ ਜਾ ਰਹੀ ਮਹਿਲਾ ਵਿਧਾਇਕ ਰਜ਼ੀਆ ਸੁਲਤਾਨਾ ਨੂੰ ਔਰਤਾਂ ਤੇ ਬਾਲ ਭਲਾਈ ਵਿਭਾਗ ਦੇਣ ਦੀ ਤਿਆਰੀ ਹੈ। ਗੁਰਦਾਸਪੁਰ ਜ਼ਿਲ੍ਹੇ ਤੋਂ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਅਰੁਣਾ ਚੌਧਰੀ ਦੇ ਵਿਭਾਗਾਂ ਦਾ ਫੈਸਲਾ ਹੋਣਾ ਬਾਕੀ ਹੈ।   ਸਕੱਤਰੇਤ ਵਿੱਚ ਮੁੱਖ ਮੰਤਰੀ ਦੇ ਓ.ਐਸ.ਡੀ. ਵਾਲੇ ਕਮਰੇ ਉਤੇ ਅੱਜ ਐਮ.ਪੀ.ਸਿੰਘ ਦੇ ਨਾਂ ਦੀ ਪਲੇਟ ਲਾ ਦਿੱਤੀ ਗਈ, ਉਨ੍ਹਾਂ ਨੂੰ ਇਕ ਦਿਨ ਪਹਿਲਾਂ ਹੀ ਨਿਯੁਕਤ ਕੀਤਾ ਗਿਆ ਸੀ। ਇਸ ਨਾਲ ਹੀ ਮੀਡੀਆ ਸਲਾਹਕਾਰ ਦੇ ਕਮਰੇ ਨੂੰ ਵੀ ਨਵੀਂ ਦਿੱਖ ਦਿੱਤੀ ਗਈ ਹੈ।
ਪੰਦਰਵੀਂ ਵਿਧਾਨ ਸਭਾ ਦੀ ਕਾਇਮੀ ਲਈ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ - ਪੰਜਾਬ ਵਿੱਚ ਪੰਦਰਵੀਂ ਵਿਧਾਨ ਸਭਾ ਦੀ ਕਾਇਮੀ ਲਈ ਭਾਰਤੀ ਚੋਣ ਕਮਿਸ਼ਨ ਨੇ ਮਿਤੀ 14 ਮਾਰਚ 2017 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤਾ (ਮਾਡਲ ਕੋਡ ਆਫ ਕੰਡਕਟ) ਖ਼ਤਮ ਹੋ ਗਿਆ ਹੈ।
ਐਡਵੋਕੇਟ ਜਨਰਲ ਨੇ ਦਿੱਤਾ ਅਸਤੀਫ਼ਾ
ਅਹੁਦਾ ਛੱਡ ਰਹੀ ਸਰਕਾਰ ਸਮੇਂ ਲਾਏ ਬੋਰਡਾਂ, ਨਿਗਮਾਂ ਦੇ ਚੇਅਰਮੈਨਾਂ ਨੇ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਸਮੇਤ 15 ਸਹਾਇਕ ਐਡਵੋਕੇਟ ਜਨਰਲਾਂ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ। ਭਲਕ ਤੱਕ ਕਈ ਹੋਰਾਂ ਦੇ ਅਸਤੀਫ਼ੇ ਆ ਜਾਣਗੇ। ਇਹ ਸਾਰੀਆਂ ਰਾਜਨੀਤਕ ਨਿਯੁਕਤੀਆਂ ਹੁੰਦੀਆਂ ਹਨ ਤੇ ਸਰਕਾਰ ਬਦਲਣ ਨਾਲ ਇਨ੍ਹਾਂ ਦੇ ਚੇਅਰਮੈਨਾਂ ਨੂੰ ਆਪਣੇ ਅਹੁਦਿਆਂ ਤੋਂ ਜਾਣਾ ਪੈਂਦਾ ਹੈ।

 

 

fbbg-image

Latest News
Magazine Archive