ਗੋਆ ’ਚ ਭਾਜਪਾ ਸਰਕਾਰ ਨੇ ਹਲਫ਼ ਲਿਆ


ਨਵੀਂ ਦਿੱਲੀ - ਗੋਆ ਅਤੇ ਮਣੀਪੁਰ ਦੀਆਂ ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਨਾ ਮਿਲਣ ਦੇ ਬਾਵਜੂਦ ਭਾਜਪਾ ਨੇ ਅੱਜ ਗੋਆ ਵਿੱਚ ਉਦੋਂ ਆਪਣੀ ਸਰਕਾਰ ਕਾਇਮ ਕਰ ਲਈ ਜਦੋਂ ਇਸ ਖ਼ਿਲਾਫ਼ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ। ਦੂਜੇ ਪਾਸੇ ਮਣੀਪੁਰ ਵਿੱਚ ਵੀ ਰਾਜਪਾਲ ਨਜਮਾ ਹੈਪਤੁੱਲਾ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ। ਪਾਰਟੀ ਆਗੂ ਬੀਰੇਨ ਸਿੰਘ ਬੁੱਧਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਗ਼ੌਰਤਲਬ ਹੈ ਕਿ ਦੋਹਾਂ ਸੂਬਿਆਂ ਦੀਆਂ ਤ੍ਰਿਸ਼ੰਕੂ ਵਿਧਾਨ ਸਭਾਵਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਤੇ ਭਾਜਪਾ ਦੂਜੇ ਨੰਬਰ ਉਤੇ ਰਹੀ। ਗੋਆ ਕਾਂਗਰਸ ਵਿਧਾਇਕ ਦਲ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਦਾ ਮੁੱਖ ਮੰਤਰੀ ਵਜੋਂ ਹਲਫ਼ਦਾਰੀ ਸਮਾਗਮ ਰੋਕਣ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ, ਪਰ ਸਿਖਰਲੀ ਅਦਾਲਤ ਨੇ ਇਸ ਨੂੰ ਖ਼ਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਇੰਨੀ ਹੀ ਰਾਹਤ ਦਿੱਤੀ ਕਿ ਸ੍ਰੀ ਪਰੀਕਰ ਨੂੰ ਵਿਧਾਨ ਸਭਾ ਵਿੱਚ 48 ਘੰਟਿਆਂ ਦੌਰਾਨ ਬਹੁਮਤ ਸਾਬਤ ਕਰਨਾ ਪਵੇਗਾ, ਜਦੋਂਕਿ ਰਾਜਪਾਲ ਮ੍ਰਿਦੁਲ ਸਿਨਹਾ ਨੇ ਉਨ੍ਹਾਂ ਨੂੰ ਇਸ ਲਈ 14 ਦਿਨਾਂ ਦਾ ਸਮਾਂ ਦਿੱਤਾ ਸੀ। ਇਸ ਤੋਂ ਫ਼ੌਰੀ ਬਾਅਦ ਸ੍ਰੀ ਪਰੀਕਰ ਨੇ ਅੱਜ ਪਣਜੀ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਨ੍ਹਾਂ ਨਾਲ ਨੌਂ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਭਾਜਪਾ ਨਾਲ ਸਬੰਧਤ ਹਨ, ਜਦੋਂਕਿ ਤਿੰਨ ਗੋਆ ਫਾਰਵਰਡ ਪਾਰਟੀ (ਪਾਰਟੀ ਦੇ ਸਮੁੱਚੇ ਵਿਧਾਇਕ) ਦੇ, ਦੋ ਐਮਜੀਪੀ ਦੇ ਅਤੇ ਦੋ ਆਜ਼ਾਦ ਹਨ। ਸ੍ਰੀ ਪਰੀਕਰ ਨੇ ਸਰਕਾਰ ਬਣਾਉਣ ਲਈ 40 ਮੈਂਬਰੀ ਵਿਧਾਨ ਸਭਾ ਵਿੱਚ 21 ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਸੀ, ਜਿਨ੍ਹਾਂ ਵਿੱਚ ਭਾਜਪਾ ਦੇ 13 ਵਿਧਾਇਕਾਂ ਸਣੇ ਐਮਜੀਪੀ ਤੇ ਜੀਐਫ਼ਪੀ ਤਿੰਨ-ਤਿੰਨ ਤੇ ਦੋ ਆਜ਼ਾਦ ਵਿਧਾਇਕ ਹਨ। ਦੂਜੇ ਪਾਸੇ ਕਾਂਗਰਸ ਦੇ 17 ਵਿਧਾਇਕ ਹਨ।  ਸੁਪਰੀਮ ਕੋਰਟ ਦੇ   ਚੀਫ਼ ਜਸਟਿਸ ਜੇ.ਐਸ. ਖੇਹਰ ਦੀ ਅਗਵਾਈ ਵਾਲੇ ਬੈਂਚ ਨੇ ਕਾਂਗਰਸ ਆਗੂ ਦੀ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ, ‘‘ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦੇ ਜਾਣ ਦੀ ਰਵਾਇਤ ਗਿਣਤੀ ਉਤੇ ਮੁਨੱਸਰ ਕਰਦੀ ਹੈ।’’ ਬੈਂਚ ਨੇ ਕਿਹਾ ਕਿ ਪਾਰਟੀ ਨੂੰ ਸੁਪਰੀਮ ਕੋਰਟ ਕੋਲ ਭੱਜਣ ਦੀ ਥਾਂ ਰਾਜਪਾਲ ਅੱਗੇ ਆਪਣੇ ਹਮਾਇਤੀ ਵਿਧਾਇਕਾਂ ਦੀ ਗਿਣਤੀ ਦਾ ਮੁੱਦਾ ਉਠਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ, ‘‘ਤੁਸੀਂ ਅਜਿਹਾ ਕਰ ਸਕਦੇ ਸੀ, ਇਸ (ਕੰਮ) ਨੂੰ ਮਹਿਜ਼ 30 ਮਿੰਟ ਲੱਗਣੇ ਸੀ।’’ ਹੋਲੀ ਦੀ ਛੁੱਟੀ ਕਾਰਨ ਵਿਸ਼ੇਸ਼ ਸੁਣਵਾਈ ਦੌਰਾਨ ਬੈਂਚ ਨੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਇਸ ਮਕਸਦ ਲਈ ਵੀਰਵਾਰ ਸਵੇਰੇ 11 ਵਜੇ ਸਦਨ ਦਾ ਸੈਸ਼ਨ ਸੱਦਿਆ ਜਾਵੇ, ਜਿਸ ਦੌਰਾਨ  ਸਰਕਾਰ ਵੱਲੋਂ ਬਹੁਮਤ ਦਾ ਮਤਾ ਪੇਸ਼ ਕਰਨ ਤੋਂ ਬਿਨਾਂ ਹੋਰ ਕੋਈ ਕੰਮ-ਕਾਜ ਨਾ  ਹੋਵੇ।
ਲੋਕ ਸਭਾ ’ਚੋਂ ਯੂਪੀਏ ਦਾ ਵਾਕਆਊਟ
ਨਵੀਂ ਦਿੱਲੀ: ਗੋਆ ਤੇ ਮਣੀਪੁਰ ਦੀਆਂ ਸਿਆਸੀ ਘਟਨਾਵਾਂ ਦਾ ਅੱਜ ਕਾਂਗਰਸ ਅਤੇ ਇਸ ਦੇ ਯੂਪੀਏ ਭਾਈਵਾਲਾਂ ਨੇ ਲੋਕ ਸਭਾ ਜ਼ੋਰਦਾਰ ਵਿਰੋਧ ਕਰਦਿਆਂ ਸਦਨ ਵਿੱਚੋਂ ਵਾਕਆਊਟ ਕੀਤਾ। ਕਾਂਗਰਸ, ਐਨਸੀਪੀ ਤੇ ਆਰਜੇਡੀ ਨੇ ਸਵਾਲਾਂ ਦੇ ਸਮੇਂ ਦੌਰਾਨ ਵਾਰ-ਵਾਰ ਮਾਮਲਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਸਦਨ ਵਿੱਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਦੋਹਾਂ ਸੂਬਿਆਂ ਵਿੱਚ ‘ਜਮਹੂਰੀਅਤ ਦਾ ਕਤਲ’ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗ ਕੀਤੀ ਕਿ ਕਾਂਗਰਸੀ ਆਗੂ ਦੀਆਂ ਟਿੱਪਣੀਆਂ ਨੂੰ ਕਾਰਵਾਈ ਵਿੱਚੋਂ ਕੱਢਿਆ ਜਾਵੇ, ਜਾਂ ਸਰਕਾਰ ਨੂੰ ਜਵਾਬ ਦੇਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ’ਤੇ ਸਪੀਕਰ ਨੇ ਆਖਿਆ ਕਿ ਅਜਿਹਾ ਕੁਝ ਵੀ ਰਿਕਾਰਡ ਉਤੇ ਨਹੀਂ ਜਾਵੇਗਾ, ਜਿਸ ਪਿੱਛੋਂ ਕਾਂਗਰਸ, ਐਨਸੀਪੀ ਤੇ ਆਰਜੇਡੀ ਦੇ ਮੈਂਬਰ ਵਾਕਆਊਟ ਕਰ ਗਏ।
ਗੋਆ ਮੁੱਦੇ ’ਤੇ ਉਲਝੇ ਰਾਹੁਲ ਤੇ ਜੇਤਲੀ
ਨਵੀਂ ਦਿੱਲੀ: ਗੋਆ ਅਤੇ ਮਣੀਪੁਰ ਵਿੱਚ ਨਵੀਆਂ ਸਰਕਾਰਾਂ ਦੀ ਕਾਇਮੀ ਦੇ ਮੁੱਦੇ ਉਤੇ ਅੱਜ ਹਾਕਮ ਭਾਜਪਾ ਤੇ ਵਿਰੋਧੀ ਕਾਂਗਰਸ ਦਰਮਿਆਨ ਸ਼ਬਦੀ ਜੰਗ ਛਿੜ ਪਈ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਉਤੇ ਦੋਹਾਂ ਸੂਬਿਆਂ ਵਿੱਚ ‘ਲੋਕਤੰਤਰ ਦੀ ਚੋਰੀ’ ਤੇ ਰਾਜਪਾਲਾਂ ਉਤੇ ‘ਵਿਤਕਰੇ’ ਦਾ ਦੋਸ਼ ਲਾਇਆ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜਤਲੀ ਨੇ ਇਸ ਨੂੰ ਬੇਬੁਨਿਆਦ ਕਰਾਰ ਦਿੱਤਾ। ਸ੍ਰੀ ਗਾਂਧੀ ਕਿਹਾ ਕਿ ਭਾਜਪਾ ਨੇ ‘ਪੈਸੇ ਦੀ ਤਾਕਤ’ ਨਾਲ ‘ਲੋਕਤੰਤਰ ਦੀ ਹੇਠੀ’ ਕੀਤੀ ਹੈ। ਸ੍ਰੀ ਜੇਤਲੀ ਨੇ ਕਿਹਾ ਕਿ ਕਾਂਗਰਸ ‘ਜਿਆਦਾ ਹੀ ਸ਼ਿਕਾਇਤਾਂ’ ਕਰਦੀ ਹੈ।
 

 

 

fbbg-image

Latest News
Magazine Archive