ਆਸਟਰੇਲੀਆ ਰਾਂਚੀ ਵਿੱਚ ਬਣਾਏਗਾ ਰਿਕਾਰਡ


ਨਵੀਂ ਦਿੱਲੀ - ਅੱਜ ਤੋਂ ਕਰੀਬ 140 ਸਾਲ ਪਹਿਲਾਂ 15 ਮਾਰਚ 1877 ਨੂੰ ਮੈਲਬਰਨ ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਕਿ੍ਕਟ ਦਾ ਆਗਾਜ਼ ਕਰਨ ਵਾਲਾ ਆਸਟਰੇਲੀਆ ਆਪਣੀ ਇਸ ਯਾਤਰਾ ਨੂੰ ਰਾਂਚੀ ਵਿੱਚ ਨਵੀਂ ਬੁਲੰਦੀਆਂ ’ਤੇ ਪਹੁੰਚਾਏਗਾ। ਭਾਰਤ ਖ਼ਿਲਾਫ਼ ਤੀਜਾ ਮੈਚ ਉਸ ਦਾ 800ਵਾਂ ਟੈਸਟ ਮੈਚ ਹੋਵੇਗਾ। ਸਟੀਵਨ ਸਮਿਥ ਦੀ ਟੀਮ ਇਸ ਇਤਿਹਾਸਕ ਮੈਚ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਆਸਟਰੇਲੀਆ 800 ਮੈਚ ਖੇਡਣ ਵਾਲਾ ਵਿਸ਼ਵ ਦਾ ਦੂਜਾ ਮੁਲਕ ਬਣ ਜਾਵੇਗਾ। ਇੰਗਲੈਂਡ ਇਸ ਤੋਂ ਪਹਿਲਾਂ ਇਹ ਮੰਜ਼ਿਲ ਹਾਸਲ ਕਰ ਚੁੱਕਾ ਹੈ। ਉਸ ਦੇ ਨਾਂ 983 ਟੈਸਟ ਮੈਚ ਦਰਜ ਹਨ। ਇੰਗਲੈਂਡ ਨੇ ਆਪਣਾ 800ਵਾਂ ਟੈਸਟ ਮੈਚ ਸੱਤ ਨਵੰਬਰ 2002 ਨੂੰ ਆਸਟਰੇਲੀਆ ਖ਼ਿਲਾਫ਼ ਬਿ੍ਸਬਨ ਵਿੱਚ ਖੇਡਿਆ ਸੀ ਅਤੇ ਉਸ  ਮੈਚ ਵਿੱਚ ਉਸ ਨੂੰ 384 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਰਾਂਚੀ ਵਿੱਚ ਹੋਣ ਵਾਲਾ ਟੈਸਟ ਮੈਚ ਇਤਿਹਾਸਕ ਹੋਵੇਗਾ, ਕਿਉਂਕਿ ਅਗਾਮੀ ਇਕ ਦਹਾਕੇ ਵਿੱਚ ਵੀ ਕਿਸੇ ਹੋਰ ਦੇਸ਼ ਦੇ 800 ਟੈਸਟ ਮੈਚਾਂ ਤਕ ਪਹੁੰਚਣ ਦੀ ਸੰਭਾਵਨਾ ਨਹੀਂ ਹੈ। ਇੰਗਲੈਂਡ ਅਤੇ ਆਸਟਰੇਲੀਆ ਤੋਂ ਬਾਅਦ ਵੈਸਟ ਇੰਡੀਜ਼ (520 ਟੈਸਟ) ਦਾ ਨੰਬਰ ਆਉਂਦਾ ਹੈ ਜੋ ਇਸ ਅੰਕੜੇ ਤੋਂ ਕਾਫ਼ੀ ਪਿਛਾਂਹ ਹੈ। ਜਿਥੋਂ ਤਕ ਭਾਰਤ ਦਾ ਸਵਾਲ ਹੈ ਤਾਂ ਉਹ 510 ਟੈਸਟ ਖੇਡ ਕੇ ਚੌਥੇ ਸਥਾਨ ’ਤੇ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ (420), ਦੱਖਣੀ ਅਫਰੀਕਾ (409), ਪਾਕਿਸਤਾਨ (407), ਸ੍ਰੀਲੰਕਾ (257), ਜ਼ਿੰਬਾਬਵੇ (101), ਬੰਗਲਾਦੇਸ਼ (99) ਅਤੇ ਆਈਸੀਸੀ ਵਿਸ਼ਵ ਕੱਪ ਏਕਾਦਸ਼ (ਇਕ)ਦਾ ਨੰਬਰ ਆਉਂਦਾ ਹੈ। ਆਸਟਰੇਲੀਆ ਨੇ ਹੁਣ ਤਕ ਜੋ 799 ਟੈਸਟ ਮੈਚ ਖੇਡੇ ਹਨ ਉਨ੍ਹਾਂ ਵਿਚੋਂ 377 ਵਿਚ ਉਹ ਜੇਤੂ ਰਿਹਾ ਅਤੇ 214 ਵਿੱਚ ਉਸ ਨੂੰ ਸ਼ਿਕਸਤ ਝੱਲਣੀ ਪਈ। ਦੋ ਮੈਚ ਟਾਈ ਅਤੇ ਬਾਕੀ 206 ਮੈਚ ਡਰਾਅ ਹੋਏ। ਮੌਜੂਦਾ ਲੜੀ ਦੌਰਾਨ ਆਸਟਰੇਲੀਆ ਭਾਰਤੀ ਧਰਤੀ ’ਤੇ ਟੈਸਟ ਮੈਚਾਂ ਦਾ ਅਰਧ ਸੈਂਕੜਾ ਪੂਰਾ ਕਰ ਲਵੇਗਾ। ਧਰਮਸ਼ਾਲਾ ਵਿੱਚ ਹੋਣ ਵਾਲਾ ਚੌਥਾ ਮੈਚ ਉਸ ਦਾ ਭਾਰਤ ਵਿੱਚ 50ਵਾਂ ਟੈਸਟ ਮੈਚ ਹੋਵੇਗਾ। ਆਸਟਰੇਲੀਆ ਨੇ ਸਭ ਤੋਂ ਵਧ 341 ਮੈਚ ਇੰਗਲੈਂਡ ਖ਼ਿਲਾਫ਼ ਖੇਡੇ ਹਨ। ਉਸ ਤੋਂ ਬਾਅਦ ਵੈਸਟ ਇੰਡੀਜ਼ 116, ਦੱਖਣੀ ਅਫਰੀਕਾ 94 ਅਤੇ ਭਾਰਤ 92 ਦਾ ਨੰਬਰ ਆਉਂਦਾ ਹੈ।
ਆਈਸੀਸੀ ਨੇ ਮੈਚ ਰੈਫਰੀ ਅਤੇ ਅੰਪਾਇਰ ਬਦਲੇ
ਦੁਬਈ: ਕੌਮਾਂਤਰੀ ਕਿ੍ਕਟ ਪ੍ਰੀਸ਼ਦ(ਆਈਸੀਸੀ) ਨੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਲੜੀ ਦੇ ਅਗਲੇ ਦੋ ਮੈਚਾਂ ਲਈ ਮੈਚ ਰੈਫਰੀ ਅਤੇ ਅੰਪਾਇਰਾਂ ਵਿੱਚ ਬਦਲਾਅ ਕੀਤਾ ਹੈ। ਆਈਸੀਸੀ ਨੇ ਇਹ ਬਦਲਾਅ ਬੰਗਲੌਰ ਟੈਸਟ ਵਿੱਚ ਡੀਆਰਐਸ ਵਿਵਾਦ ਨੂੰ ਦੇਖਦਿਆਂ ਲਿਆ ਹੈ। ਆਈਸੀ ਨੇ ਦੋ ਟੈਸਟਾਂ ਲਈ ਮੈਚ ਰੈਫਰੀ ਕਿ੍ਸ ਬਰੌਡ ਦੀ ਥਾਂ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਰਿਚੀ ਰਿਚਰਡਸਨ ਨੂੰ ਨਵਾਂ ਰੈਫਰੀ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਅੰਪਾਇਰਾਂ ਵਿੱਚ ਇੰਗਲੈਂਡ ਦੇ ਇਯਾਨ ਗੋਲਡ ਅਤੇ ਨਿਊਜ਼ੀਲੈਂਡ ਦੇ ਕਿ੍ਸ ਗੈਫਨੀ ਸ਼ਾਮਲ ਹਨ। ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚਾਂ ਦੇ ਮੈਦਾਨੀ ਅੰਪਾਇਰ 16 ਮਾਰਚ ਤੋਂ ਸ਼ੁਰੂ ਹੋ ਰਹੇ ਰਾਂਚੀ ਟੈਸਟ ਵਿੱਚ ਟੀਵੀ ਅੰਪਾਇਰ ਦੀ ਭੂਮਿਕਾ ਨਿਭਾਉਣਗੇ।
ਪਿੱਚ ਕਰੇਗੀ ਕੰਗਾਰੂਆਂ ਨੂੰ ਪ੍ਰੇਸ਼ਾਨ; ਟਾਸ ਰਹੇਗਾ ਅਹਿਮ
ਰਾਂਚੀ: ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਵੀਰਵਾਰ ਨੂੰ ਰਾਂਚੀ ਦੇ ਜੇਐਸਸੀਏ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿਥੇ ਇਕ ਵਾਰ ਮੁੜ ਟਰਨਿੰਗ ਪਿੱਚ ਵੇਖਣ ਨੂੰ ਮਿਲ ਸਕਦੀ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਟਾਸ ਦੀ ਭੂਮਿਕਾ ਅਹਿਮ ਹੋਵੇਗੀ। ਇਸ ਸੀਰੀਜ਼ ’ਚ ਹੁਣ ਤਕ ਬੱਲੇਬਾਜ਼ਾਂ ਨੂੰ ਮੁਸ਼ਕਲ ਪਿੱਚਾਂ ਮਿਲੀਆਂ ਹਨ। ਇਥੇ ਜਦੋਂ ਆਸਟਰੇਲਿਆਈ ਖਿਡਾਰੀ ਪ੍ਰੈਕਟਿਸ ਲਈ ਮੈਦਾਨ ਵਿੱਚ ਉਤਰੇ ਤਾਂ ਉਨ੍ਹਾਂ ਨੂੰ ਪਿੱਚ ਚੰਗੀ ਨਹੀਂ ਲੱਗੀ। ਪੈਟ ਕਮਿੰਸ ਅਤੇ ਜੈਕਸਨ ਬਰਡ ਨੇ ਕਿਹਾ ਕਿ ਪਿੱਚ ਕਾਫ਼ੀ ਡਰਾਈ ਲਗ ਰਹੀ ਹੈ।

 

 

fbbg-image

Latest News
Magazine Archive