ਨਵੇਂ ਭਾਰਤ ਦੀ ਸਿਰਜਣਾ ਦਾ ਸੱਦਾ


ਨਵੀਂ ਦਿੱਲੀ - ਉੱਤਰ ਪ੍ਰਦੇਸ਼, ਉੱਤਰਾਖੰਡ ਵਿੱਚ ਭਾਜਪਾ ਦੀ ਵੱਡੀ ਜਿੱਤ ਦੇ ਸੂਤਰਧਾਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਂਤਚਿੱਤ ਨਜ਼ਰ ਆਏ ਤੇ ਉਨ੍ਹਾਂ 2022 ਤੱਕ ਨਵਾਂ ਭਾਰਤ ਸਿਰਜਣ ਲਈ ਲੋਕਾਂ ਤੋਂ ਸਾਥ ਮੰਗਿਆ। ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਇੱਕ ਤਰ੍ਹਾਂ ਆਪਣਾ ਇਰਾਦਾ ਵੀ ਪ੍ਰਗਟਾਅ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਨਾਲ ਉਤਸ਼ਾਹ ਵਿੱਚ ਆਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕੁਲ ਵਸੋਂ ਦਾ 65 ਫੀਸਦੀ ਨੌਜਵਾਨ ਹਨ ਅਤੇ ਇਸ ਤਰ੍ਹਾਂ ਇਹ ਜਿੱਤ ਨਵੇਂ ਭਾਰਤ ਦੀ ਬੁਨਿਆਦ ਰੱਖੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ‘ਨਰਿੰਦਰ ਮੋਦੀ ਮੋਬਾਈਲ ਐਪ’ ਉੱਤੇ  ਲੋਕਾਂ ਨੂੰ ਨਵੇਂ ਭਾਰਤ ਦੀ ਸਿਰਜਣਾ ਪ੍ਰਤੀ ਬਚਨਵੱਧਤਾ ਅਤੇ ਦਿ੍ੜਤਾ ਦੇ ਪ੍ਰਗਟਾਵੇ ਦਾ ਸੱਦਾ ਦਿੱਤਾ। ਮੋਦੀ ਨੇ ਟਵੀਟ ਕੀਤਾ,‘ ਇੱਕ ਨਵੇਂ ਭਾਰਤ ਦਾ ਉਦੈ ਹੋ ਰਿਹਾ ਹੈ ਜਿਸ ਦੀ ਸ਼ਕਤੀ ਤੇ ਹੁਨਰ 125 ਕਰੋੜ ਭਾਰਤੀ ਬਣਨਗੇ। ਇਹ ਭਾਰਤ ਵਿਕਾਸ ਲਈ ਜਾਣਿਆ ਜਾਵੇਗਾ। ਉਨ੍ਹਾਂ ਕਿਹਾ,‘ ਜਦੋਂ ਅਸੀਂ 2022 ਵਿੱਚ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾਵਾਂਗੇ ਤਾਂ ਸਾਨੂੰ ਮਹਾਤਮਾ ਗਾਂਧੀ, ਸਰਦਾਰ ਵੱਲਭ ਭਾਈ ਪਟੇਲ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੋਵੇਗਾ। ਉਨ੍ਹਾਂ ਆਪਣੇ ਬਿਆਨ ਵਿੱਚ ਔਰਤਾਂ ਦੇ ਸਸ਼ਕਤੀਕਰਨ ਦਾ ਮੁੱਦਾ ਵੀ ਛੋਹਿਆ। ਉਨ੍ਹਾਂ ਦੇਸ਼ ਵਿੱਚ ਸ਼ਾਂਤੀ ਏਕਤਾ, ਆਪਸੀ ਭਾਈਚਾਰੇ ਦੀ ਗੱਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਭਾਰਤੀ ਨੌਕਰੀਆਂ ਦੇ ਚਾਹਵਾਨ ਨਹੀ ਸਗੋਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਵਾਲੇ ਬਣਨਗੇ। ਲੋਕਾਂ ਦੇ ਸੁਪਨਿਆਂ ਦਾ ਭਾਰਤ ਭ੍ਰਿਸ਼ਟਾਚਾਰ, ਅਤਿਵਾਦ, ਕਾਲੇ ਧਨ ਆਦਿ ਬੁਰਾਈਆਂ ਤੋਂ ਮੁਕਤ ਹੋਵੇਗਾ
ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਇੱਥੇ ਉਤਸ਼ਾਹ ਨਾਲ ਭਰੇ ਪਾਰਟੀ ਵਰਕਰਾਂ ਦੀਆਂ ਵਧਾਈਆਂ ਕਬੂਲਦਿਆਂ ‘ਲੁਟੀਅਨਜ਼’ ਦਿੱਲੀ ਵਿੱਚ ਪਾਰਟੀ ਦੇ ਦਫਤਰ ਵੱਲ੍ਹ ਪੈਦਲ ਮਾਰਚ ਕੀਤਾ। ਕੱਲ੍ਹ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਏ ਨਤੀਜਿਆਂ ਬਾਅਦ ਪ੍ਰਧਾਨ ਮੰਤਰੀ ਇੱਥੇ ਪਹਿਲੀ ਵਾਰ ਲੋਕਾਂ ਨੂੰ ਮਿਲੇ। ਜਦੋਂ ਹੀ ਪ੍ਰਧਾਨ ਮੰਤਰੀ ਦਾ ਕਾਫਲਾ ਅਸ਼ੋਕਾ ਰੋਡ ਉੱਤੇ ਲੀ ਮੇਰੀਡੀਅਨ ਹੋਟਲ ਕੋਲ ਚੌਕ ਵਿੱਚ ਆਇਆ ਤਾਂ ਇੱਥੇ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਚੌਕ ਤੋਂ ਥੋੜ੍ਹੀ ਦੂਰ ਪ੍ਰਧਾਨ ਮੰਤਰੀ ਆਪਣੀ ਗੱਡੀ ਵਿੱਚੋਂ ਉੱਤਰੇ ਅਤੇ ਭਾਜਪਾ ਪਾਰਲੀਮਾਨੀ ਬੋਰਡ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਾਰਟੀ ਦਫਤਰ ਵੱਲ ਪੈਦਲ ‘ਜੇਤੂ ਮਾਰਚ’ ਕਰਕੇ ਵਧੇ। ਸੁਰੱਖਿਆ ਕਰਮੀਆਂ ਵਿੱਚ ਘਿਰੇ ਪ੍ਰਧਾਨ ਮੰਤਰੀ ਨੇ ਆਪਣੇ ਪ੍ਰਸ਼ੰਸਕਾਂ ਵੱਲ੍ਹ ਹੱਥ ਹਲਾਕੇ ਵਧਾਈਆਂ ਕਬੂਲੀਆਂ। ਚਾਰੇ ਪਾਸੇ ਭਾਜਪਾ ਦੇ ਝੰਡੇ ਲਹਿਰਾਏ ਜਾ ਰਹੇ ਸਨ ਅਤੇ ‘ਹਰ ਹਰ ਮੋਦੀ, ਘਰ ਘਰ ਮੋਦੀ’ ਦੇ ਨਾਹਰੇ ਲਾਉਂਦੇ ਲੋਕ ਇੱਕ ਦੂਜੇ ਨੂੰ ਗੁਲਾਲ ਲਾ ਰਹੇ ਸਨ। ਪ੍ਰਧਾਨ ਮੰਤਰੀ ਦੇ ਪੈਦਲ ਮਾਰਚ ਦੌਰਾਨ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਪ੍ਰਧਾਨ ਮੰਤਰੀ ਦੇ ਵਿਚਾਰ ਸੁਣਨ ਲਈ ਪਾਰਟੀ ਦਫਤਰ ਦੇ ਬਾਹਰ ਵੱਡੀ ਸਕਰੀਨ ਵੀ ਲਾਈ ਗਈ ਸੀ।
ਭਾਜਪਾ ਸੰਸਦੀ ਬੋਰਡ ਨੇ ਮੁੱਖ ਮੰਤਰੀ ਲਈ ਨਾਵਾਂ ਉੱਤੇ ਕੀਤੀ ਚਰਚਾ
ਨਵੀਂ ਦਿੱਲੀ: ਉੱੱਤਰ ਪਦੇਸ਼ ਅਤੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਅੱਜ ਇੱਥੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਪਦ ਲਈ ਨਾਵਾਂ ਦੀ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਬੋਰਡ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਲਈ ਅਬਜ਼ਰਵਰ ਲਾਉਣ ਲਈ ਵੀ ਚਰਚਾ ਹੋਈ। ਇਸ  ਤੋਂ ਇਲਾਵਾ  ਗੋਆ ਅਤੇ ਮਨੀਪੁਰ ਦੇ ਰਾਜਸੀ ਦਿ੍ਸ਼ ਬਾਰੇ ਵੀ ਚਰਚਾ ਹੋਈ। ਸੂਤਰਾਂ ਦੇ ਅਨੁਸਾਰ ਪਾਰਟੀ ਨੇ ਅਬਜ਼ਰਵਰਾਂ ਦੇ ਨਾਂ ਤੈਅ ਕਰ ਲਏ ਹਨ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਰਾਜਨਾਥ ਸਿੰਘ ਨਾਲ ਉਨ੍ਹਾਂ ਦੀ ਰਹਾਇਸ਼ ਉੱਤੇ ਜਾ ਕੇ ਮੁਲਾਕਾਤ ਕੀਤੀ।

 

 

fbbg-image

Latest News
Magazine Archive