ਆਜ਼ਾਦ ਸੋਚ ਨੂੰ ਖ਼ਤਰਾ ਪੈਦਾ ਹੋਇਆ: ਮਨਮੋਹਨ ਸਿੰਘਕੋਲਕਾਤਾ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਂਦਰ ’ਤੇ ਨਿਸ਼ਾਨਾ ਲਾਉਂਦਿਆਂ ਅੱਜ ਕਿਹਾ ਕਿ ਭਾਰਤੀ ਯੂਨੀਵਰਸਿਟੀਆਂ ’ਚ ਆਜ਼ਾਦ ਸੋਚ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਖ਼ਤਰਾ ਖੜ੍ਹਾ ਹੋ ਗਿਆ ਹੈ। ਕਾਂਗਰਸ ਆਗੂ ਨੇ ਕਿਹਾ ਕਿ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਸੁਤੰਤਰ ਪ੍ਰਗਟਾਵੇ ’ਚ ਦਖ਼ਲ ਦੀਆਂ ਕੋਸ਼ਿਸ਼ਾਂ ਚਿੰਤਾ ਦਾ ਕਾਰਨ ਹਨ। ਉਨ੍ਹਾਂ ਕਿਹਾ ਕਿ ਸ਼ਾਂਤ ਢੰਗ ਨਾਲ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਦਬਾਉਣਾ ‘ਸਿੱਖਣ ਪੱਖੋਂ ਖ਼ਤਰਨਾਕ ਰੁਝਾਨ’ ਅਤੇ ਗ਼ੈਰ-ਜਮਹੂਰੀ ਅਮਲ ਹੈ। ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ 200 ਸਾਲਾ ਜਸ਼ਨਾਂ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ,‘‘ਅਸਲ ਰਾਸ਼ਟਰਵਾਦ ਉਥੇ ਮਿਲਦਾ ਹੈ ਜਿਥੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸੋਚਣ ਅਤੇ ਖੁੱਲ੍ਹ ਕੇ ਬੋਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਸ ਆਵਾਜ਼ ਨੂੰ ਘੁੱਟਿਆ ਨਹੀਂ ਜਾਂਦਾ। ਇਹ ਸਿਰਫ਼ ਉਸਾਰੂ ਸੰਵਾਦ ਰਾਹੀਂ ਹੁੰਦਾ ਹੈ। ਅਸੀਂ ਮਜ਼ਬੂਤ, ਵੱਧ ਜੋੜਨ ਵਾਲੇ ਅਤੇ ਨਿਰੰਤਰ ਲੋਕਤੰਤਰ ਰਾਹੀਂ ਆਪਣੇ ਮੁਲਕ ਦਾ ਨਿਰਮਾਣ ਕਰ ਸਕਦੇ ਹਾਂ।’’ ਉਨ੍ਹਾਂ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁੱਲਾ ਖੁਦਕੁਸ਼ੀ ਕਾਂਡ ਦਾ ਅਸਿੱਧੇ ਢੰਗ ਨਾਲ ਜ਼ਿਕਰ ਕੀਤਾ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰਿਆਂ ’ਚ ਨਿਯੁਕਤੀਆਂ ’ਚ ਸਿਆਸੀ ਦਖ਼ਲਅੰਦਾਜ਼ੀ ਠੀਕ ਨਹੀਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦੀ ਖੁਦਮੁਖਤਿਆਰੀ ਦੀ ਰਾਖੀ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਰਾਸ਼ਟਰਵਾਦ ਅਤੇ ਪੱਛੜੇ ਵਰਗਾਂ ਤੇ ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤ ਦਾ ਰੁਝਾਨ ਵਧਦਾ ਜਾ ਰਿਹਾ ਹੈ ਜੋ ਤਬਾਹਕੁੰਨ ਸਾਬਿਤ ਹੋ ਸਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ’ਚ ਹਰ ਸਾਲ ਇਕ ਕਰੋੜ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਦੀ ਰਣਨੀਤੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਵਿਕਾਸ ਲਈ ਨੌਕਰੀਆਂ ਦੇਣ ਵੇਲੇ ਵਾਤਾਵਰਨ ਦੇ ਤਵਾਜ਼ਨ ਨੂੰ ਧਿਆਨ ’ਚ ਰੱਖਣਾ ਪਏਗਾ।

 

 

fbbg-image

Latest News
Magazine Archive